ਦਲਜੀਤ ਕੌਰ
ਸੰਗਰੂਰ, 7 ਮਈ, 2025: ਜ਼ਿਲ੍ਹਾ ਸੰਗਰੂਰ ਵਿੱਚ ਜਿਵੇਂ ਹੀ ਸ਼ਾਮ ਦੇ 4 ਵਜੇ ਤਾਂ ਜ਼ਿਲ੍ਹੇ ਵਿੱਚ ਦੋ ਥਾਵਾਂ ਇੰਡੀਅਨ ਆਇਲ ਡੀਪੂ ਅਤੇ ਸਰਕਾਰੀ ਰਣਬੀਰ ਕਾਲਜ ਉਤੇ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਸੁਰੱਖਿਤ ਰੱਖਣ ਦੇ ਅਭਿਆਸ ਲਈ ਮੌਕ ਡਰਿੱਲ ਕੀਤੀ ਗਈ। ਇਸ ਸਬੰਧ ਵਿੱਚ ਦੋਵੇਂ ਥਾਵਾਂ ਉਤੇ ਕ੍ਰਮਵਾਰ 3 ਅਤੇ 4 ਵਜੇ ਇਕ ਸਾਇਰਨ ਵਜਾਇਆ ਗਿਆ ਜਿਸ ਤੋਂ ਬਾਅਦ ਇਹ ਅਭਿਆਸ ਸ਼ੁਰੂ ਹੋਇਆ। ਦੋਵੇਂ ਜਗ੍ਹਾ ਇਹ ਅਭਿਆਸ ਅੱਧਾ ਘੰਟਾ ਚੱਲਿਆ ਅਤੇ ਇੱਕ ਹੋਰ ਸ਼ਾਇਰਨ ਵੱਜਣ ਨਾਲ ਖਤਮ ਹੋਇਆ।
ਇਸ ਦੌਰਾਨ ਅਭਿਆਸ ਕੀਤਾ ਗਿਆ ਕਿ ਜੇਕਰ ਹਵਾਈ ਹਮਲਾ ਹੋ ਜਾਵੇ ਤਾਂ ਜੇਕਰ ਤੁਸੀਂ ਖੁੱਲੇ ਵਿੱਚ ਹੋ ਤਾਂ ਜਲਦੀ ਤੋਂ ਜਲਦੀ ਕਿਸੇ ਇਮਾਰਤ ਦੇ ਅੰਦਰ ਪਹੁੰਚੋ । ਜੇਕਰ ਬਹੁ ਮੰਜਲਾ ਇਮਾਰਤ ਵਿਚ ਹੋ ਤੇ ਹੇਠਲੇ ਤਲ ਤੇ ਆ ਜਾਓ। ਹਰ ਪ੍ਰਕਾਰ ਦੀਆਂ ਲਾਈਟਾਂ ਬੰਦ ਕਰ ਦਿਓ ਅਤੇ ਕੋਈ ਵੀ ਰੌਸ਼ਨੀ ਨਾ ਕਰੋ। ਜੇਕਰ ਤੁਹਾਡੇ ਨੇੜੇ ਇਮਾਰਤ ਨਹੀਂ ਹੈ ਤਾਂ ਕਿਸੇ ਦਰਖਤ ਦੇ ਥੱਲੇ ਓਟ ਲਵੋ । ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤਾਂ ਵਾਹਣ ਛੱਡ ਕੇ ਥੱਲੇ ਆ ਜਾਓ। ਜੇਕਰ ਤੁਹਾਡੇ ਕੋਲ ਓਟ ਲੈਣ ਲਈ ਕੋਈ ਥਾਂ ਨਹੀਂ ਹੈ ਤਾਂ ਧਰਤੀ ਤੇ ਛਾਤੀ ਦੇ ਭਾਰ ਲੇਟ ਜਾਓ ਅਤੇ ਆਪਣੀਆਂ ਉਂਗਲਾਂ ਨਾਲ ਕੰਨ ਬੰਦ ਕਰ ਲਓ। ਇਸ ਸਮੇਂ ਦੌਰਾਨ ਕਿਸੇ ਵੀ ਪ੍ਰਕਾਰ ਦਾ ਰੌਸ਼ਨੀ ਨਾ ਕਰੋ।
ਇਹਨਾਂ ਸਾਰੇ ਅਭਿਆਸਾਂ ਨੂੰ ਇਹਨਾਂ ਰਿਹਰਸਲਾਂ ਦੌਰਾਨ ਦੁਹਰਾਇਆ ਗਿਆ। ਇਸ ਤੋਂ ਬਿਨਾਂ ਇਮਾਰਤ ਦੇ ਅੰਦਰ ਕਮਰੇ ਦੇ ਕੋਨੇ ਵਿੱਚ ਸ਼ਰਨ ਲਵੋ ਜਾਂ ਕੋਈ ਕੱਪ ਬੋਰਡ ਜਾਂ ਭਾਰੀ ਚੀਜ਼ ਹੈ ਤਾਂ ਉਸਦੇ ਹੇਠਾਂ ਵੀ ਸ਼ਰਨ ਲਈ ਜਾ ਸਕਦੀ ਹੈ ਖਿੜਕੀਆਂ ਵਿੱਚ ਖੜੇ ਨਾ ਹੋਵੋ। ਗੈਸ ਪਾਣੀ ਅਤੇ ਬਿਜਲੀ ਦੀਆਂ ਸਵਿੱਚਾਂ ਬੰਦ ਕਰ ਦਿਓ।
ਦੱਸਣਯੋਗ ਹੈ ਕਿ ਰਣਬੀਰ ਕਾਲਜ ਵਿਖੇ ਹੋਇਆ ਮੌਕ ਡਰਿੱਲ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ ਦੀ ਅਗਵਾਈ ਵਿੱਚ ਹੋਈ ਜਦਕਿ ਇੰਡੀਅਨ ਆਇਲ ਡੀਪੂ ਵਿਖੇ ਮੌਕ ਡਰਿੱਲ ਦੀ ਅਗਵਾਈ ਸ਼੍ਰੀ ਸਾਹਿਲ ਗੋਇਲ, ਡਿਪਟੀ ਡਾਇਰੈਕਟਰ ਫੈਕਟਰੀ ਨੇ ਕੀਤੀ। ਇਸ ਤੋਂ ਇਲਾਵਾ ਦੋਵੇਂ ਮੌਕ ਡਰਿੱਲ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ, ਪੁਲਿਸ ਵਿਭਾਗ, ਸਿਹਤ ਵਿਭਾਗ, ਮਾਲ ਵਿਭਾਗ, ਖੇਤੀਬਾੜੀ ਵਿਭਾਗ, ਫਾਇਰ ਵਿਭਾਗ, ਲੋਕ ਨਿਰਮਾਣ ਵਿਭਾਗ, ਐਨ ਸੀ ਸੀ ਅਤੇ ਐਨ ਐਸ ਐਸ ਵਲੰਟੀਅਰਜ ਅਤੇ ਹੋਰ ਵਿਭਾਗਾਂ ਨੇ ਅਹਿਮ ਹਿੱਸਾ ਪਾਇਆ।
ਇਸ ਮੌਕੇ ਵਧੀਕ ਜਿਲਾ ਮੈਜਿਸਟ੍ਰੇਟ ਸ਼੍ਰੀ ਅਮਿਤ ਬੈਂਬੀ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਹਨਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਕਿਸੇ ਵੀ ਖਤਰੇ ਮੌਕੇ ਇਹਨਾਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ। ਇਸ ਮੌਕੇ ਸੰਗਰੂਰ ਦੇ ਐੱਸ ਡੀ ਐੱਮ ਸ੍ਰ ਚਰਨਜੋਤ ਸਿੰਘ ਵਾਲੀਆ, ਡੀ ਐੱਸ ਪੀ ਸ੍ਰ ਸੁਖਦੇਵ ਸਿੰਘ ਅਤੇ ਹੋਰ ਅਧਿਕਾਰੀ, ਵਿਦਿਆਰਥੀ ਅਤੇ ਵਲੰਟੀਅਰ ਹਾਜ਼ਰ ਸਨ।