ਚਮਕੌਰ ਸਾਹਿਬ /ਮੋਰਿੰਡਾ 7 ਮਈ ਭਟੋਆ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਬਾਇਓਟੈੱਕਨਾਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਨੂੰ ਕਨਵੋਕੇਸ਼ਨ ਸਮਾਰੋਹ ਵਿੱਚ ਵਿਸ਼ੇਸ਼ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਉਕਤ ਵਿਦਿਆਰਥਣਾਂ ਨੇ ਪਿਛਲੇ ਦੋ ਅਕਾਦਮਿਕ ਸਾਲਾਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮ.ਐਸ.ਸੀ. ਬਾਇਓਟੈੱਕਨਾਲੋਜੀ ਵਿੱਚੋ ਉੱਚ ਸਥਾਨ ਪ੍ਰਾਪਤ ਕੀਤੇ ਹਨ, ਜੋ ਕਿ ਕਾਲਜ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ। ਇਸ ਵਿੱਚ ਸਿਮਰਨਜੀਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਤਗਮਾ ਲਈ ਨਾਮਜ਼ਦ ਕੀਤਾ ਗਿਆ। ਸਿਮਰਨਜੀਤ ਕੌਰ ਦੇ ਮਾਤਾ ਜੀ ਵੱਲੋਂ ਇਹ ਮੈਡਲ ਉੱਘੇ ਸਮਾਜ ਸੇਵਕ ਡਾ. ਐਸ.ਪੀ.ਸਿੰਘ.ਓਬਰਾਏ ਮੈਨੇਜਿੰਗ ਡਾਇਰੈਕਟਰ ਸਰਬੱਤ ਦਾ ਭਲਾ ਵੱਲੋਂ ਪ੍ਰਾਪਤ ਕੀਤਾ ਗਿਆ । ਪ੍ਰਭਜੋਤ ਕੌਰ ਨੂੰ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿੱਚ ਸਮੁੱਚੇ ਤੌਰ ਤੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਵਜੋਂ ਗੋਲਡ ਮੈਡਲ ਮਿਲਿਆ। ਸੰਦੀਪ ਕੌਰ ਨੂੰ ‘ਫਸਟ ਡਿਵੀਜ਼ਨ ਫਸਟ’ ਇੰਨ ਯੂਨੀਵਰਸਿਟੀ ਲਈ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇੰਡਸਟਰੀ ਮਾਹਿਰ ਅਰਸ਼ਜੀਤ ਸਿੰਘ ਅਤੇ ਡਾ. ਯਾਦਵਿੰਦਰ ਸਿੰਘ ਡੀਨ ਆਰ.ਐਨ.ਡੀ., ਆਈ.ਕੇ.ਜੀ., ਪੀ.ਟੀ.ਯੂ. ਨੇ ਵੀ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਵਿਭਾਗ ਮੁਖੀ ਡਾ. ਮਮਤਾ ਅਰੋੜਾ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਬੇਲਾ ਕਾਲਜ ਵਿੱਚ ਮਜ਼ਬੂਤ ਅਕਾਦਮਿਕ ਵਾਤਾਵਰਣ, ਸਮਰਪਿਤ ਫੈਕਲਟੀ ਅਤੇ ਵਿਦਿਆਰਥੀ ਕੇਂਦਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਸਦਕਾ ਹੀ ਕਾਲਜ ਨੂੰ ਇਹ ਮਾਣ ਮਿਲਿਆ ਹੈ।