ਜੰਮੂ, 8 ਫਰਵਰੀ, ਦੇਸ਼ ਕਲਿੱਕ ਬਿਓਰੋ :
ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦਾ ਬਦਲਾ ਲੈਣ ਲਈ ਭਾਰਤ ਵੱਲੋਂ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ਉਤੇ ਆਪਰੇਸ਼ਨ ਸਿੰਦੂਰ ਕੀਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਬੁਖਲਾਇਆ ਹੋਇਆ ਹੈ। ਅੱਜ ਪਾਕਿਸਤਾਨ ਵੱਲੋਂ ਕਈ ਥਾਵਾਂ ਉਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨ ਵੱਲੋਂ ਜੰਮੂ ਹਵਾਈ ਅੱਡੇ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਭਾਰਤੀ ਫੌਜ ਨੇ ਸਫਲ ਨਹੀਂ ਹੋਣ ਦਿੱਤੀ। ਜੰਮੂ ਵਿੱਚ ਕੁਝ ਸਮੇਂ ਵਿੱਚ ਹੀ ਤਿੰਨ ਵੱਡੇ ਧਮਾਕਿਆਂ ਦੀ ਆਵਾਜ਼ ਸੁਣੇ ਜਾਣ ਦੀ ਖਬਰ ਹੈ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਸ਼ਹਿਰ ਵਿੱਚ ਬਲੈਕ ਆਊਟ ਕਰ ਦਿੰਤਾ ਗਿਆ ਹੈ।
ਗ੍ਰੇਟਰ ਕੈਲਾਸ਼, ਆਰਐਸ ਪੋਰਾ, ਛਨੀ ਹਿੰਮਤ ਦੇ ਵਸਨੀਕਾਂ ਨੇ ਸ਼ਹਿਰੀ ਖੇਤਰਾਂ ਅਤੇ ਇਸ ਦੇ ਆਲੇ-ਦੁਆਲੇ ਵੱਡੇ ਧਮਾਕੇ ਸੁਣਨ ਦੀ ਪੁਸ਼ਟੀ ਕੀਤੀ ਹੈ, ਜਿਸ ਤੋਂ ਬਾਅਦ ਹਵਾ ਵਿੱਚ ਕਈ ਲਾਲ ਗੋਲੇ ਦੇਖੇ ਗਏ ਹਨ। ਇਸ ਦੌਰਾਨ ਭਾਰਤੀ ਫੌਜ ਨੇ ਸੁੰਜਵਾਂ ਫੌਜੀ ਅੱਡੇ ਨੇੜੇ ਵੀ ਪਾਕਿਸਤਾਨੀ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕੀਤਾ ਹੈ।