ਲੋਕ ਅਫਵਾਹਾਂ ਤੋਂ ਦੂਰ ਰਹਿਣ ਅਤੇ ਨਿਰਆਧਾਰ ਖ਼ਬਰਾਂ ਸ਼ੇਅਰ ਨਾ ਕਰਨ : ਜ਼ਿਲ੍ਹਾ ਪੁਲਿਸ ਮੁੱਖੀ
ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਹਰ ਸਥਿਤੀ ਉੱਤੇ ਆਪਣੀ ਨਜ਼ਰ ਰੱਖ ਰਿਹਾ ਹੈ। ਲੋਕਾਂ ਦੀ ਸਹਾਇਤਾ ਲਈ ਹੈਲਪ ਲਾਈਨ ਨੰਬਰ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਉਕਤ ਨੰਬਰਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ।
ਅੰਮ੍ਰਿਤਸਰ, 9 ਮਈ 2025, ਦੇਸ਼ ਕਲਿੱਕ ਬਿਓਰੋ :
ਜਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਹਰ ਸਥਿਤੀ ਉੱਤੇ ਆਪਣੀ ਨਜ਼ਰ ਰੱਖ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਲੋਕਾਂ ਦੀ ਸਹਾਇਤਾ ਲਈ ਹੈਲਪ ਲਾਈਨ ਨੰਬਰ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਉਕਤ ਨੰਬਰਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਬੀਤੀ ਰਾਤ ਬਲੈਕ ਆਊਟ ਦੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਜਿਲਾ ਵਾਸੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਭਵਿੱਖ ਵਿੱਚ ਵੀ ਜਦੋਂ ਬਲੈਕ ਆਊਟ ਕੀਤਾ ਜਾਵੇ ਤਾਂ ਇਸ ਦੀ ਇੰਨ-ਬਿਨ ਪਾਲਣਾ, ਜਿਸ ਵਿੱਚ ਲਾਈਟਾਂ ਦਾ ਬੰਦ ਕਰਨਾ ਬੇਹੱਦ ਜਰੂਰੀ ਹੈ , ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਇਹ ਲੋਕ ਹਿੱਤ ਲਈ ਜਰੂਰੀ ਹੈ। ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਡਿਫੈਂਸ ਦੇ ਉੱਚ ਅਧਿਕਾਰੀਆਂ ਨਾਲ ਪੂਰਾ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ।
ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਜ਼ਿਲ੍ਹਾ ਵਾਸੀ ਨੂੰ ਪੁਲਿਸ ਨਾਲ ਸੰਬੰਧਿਤ ਕੋਈ ਸਹਾਇਤਾ ਦੀ ਲੋੜ ਹੈ ਅਤੇ ਜੇਕਰ ਕਿਸੇ ਨੇ ਕਿਸੇ ਘਟਨਾ ਬਾਰੇ ਸਹੀ ਜਾਣਕਾਰੀ ਲੈਣੀ ਹੈ ਤਾਂ ਉਹ ਫੋਨ ਨੰਬਰ 112 ਡਾਇਲ ਕਰੇ ਅਤੇ ਜੇਕਰ ਜਿਲਾ ਪ੍ਰਸ਼ਾਸਨ ਨਾਲ ਸੰਬੰਧਿਤ ਕੋਈ ਸਹਾਇਤਾ ਚਾਹੀਦੀ ਹੈ ਤਾਂ ਉਹ ਫੋਨ ਨੰਬਰ 79738 67446 ਉੱਪਰ ਰਾਬਤਾ ਕਰ ਸਕਦਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਜਰੂਰੀ ਵਸਤਾਂ, ਪੈਟਰੋਲ, ਡੀਜ਼ਲ, ਰਸੋਈ ਗੈਸ, ਦਵਾਈਆਂ, ਪਸ਼ੂਆਂ ਦੇ ਚਾਰੇ ਭਾਵ ਕਿਸੇ ਵੀ ਚੀਜ਼ ਦੀ ਕੋਈ ਘਾਟ ਨਹੀਂ ਹੈ, ਇਸ ਲਈ ਬਿਨਾਂ ਲੋੜ ਤੋਂ ਵਾਧੂ ਸਮਗਰੀ ਖਰੀਦ ਕੇ ਕਾਲਾ ਬਾਜ਼ਾਰੀ ਨੂੰ ਉਤਸ਼ਾਹਤ ਨਾ ਕੀਤਾ ਜਾਵੇ। ਉਹਨਾਂ ਕਾਲਾਬਜ਼ਾਰੀ ਕਰਨ ਵਾਲਿਆਂ ਨੂੰ ਵੀ ਚਿਤਾਵਾਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਦੋਸ਼ੀ ਪਾਇਆ ਗਿਆ ਉਸ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।
ਇਸ ਮੌਕੇ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਲਾਵਰਸ ਪਈ ਚੀਜ਼ ਦਿਖਾਈ ਦਿੰਦੀ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਨਾ ਕਿ ਉਸ ਨਾਲ ਆਪ ਛੇੜਖਾਨੀ ਕੀਤੀ ਜਾਵੇ। ਉਹਨਾਂ ਕਿਹਾ ਕਿ ਅਸੀਂ ਪੁਲਿਸ ਸੁਕਐਡ ਅਤੇ ਕਵਿਕ ਰਿਸਪਾਂਸ ਟੀਮਾਂ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੀਆਂ ਹਨ, ਜੋ ਲੋੜ ਪੈਣ ਉੱਤੇ ਤੁਰੰਤ ਤੁਹਾਡੀ ਸਹਾਇਤਾ ਲਈ ਪਹੁੰਚਣਗੀਆਂ। ਜਿਲ੍ਹਾ ਪੁਲਿਸ ਮੁੱਖੀ ਅੰਮ੍ਰਿਤਸਰ ਦਿਹਾਤੀ ਸ: ਮਨਿੰਦਰ ਸਿੰਘ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਤੱਥਹੀਣ ਗੱਲਾਂ ਜਾਂ ਖਬਰਾਂ ਨੂੰ ਅੱਗੇ ਸ਼ੇਅਰ ਨਾ ਕਰਨ ਦੀ ਅਪੀਲ ਵੀ ਕੀਤੀ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਫਵਾਹਾਂ ਫੈਲਾਉਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।