ਚੰਡੀਗੜ੍ਹ, 9 ਮਈ, ਦੇਸ਼ ਕਲਿੱਕ ਬਿਓਰੋ
ਭਾਰਤ-ਪਾਕਿਸਤਾਨ ਸਰਹੱਦ ਉਤੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬਾ ਵਾਸੀਆਂ ਨੂੰ ਕੋਈ ਔਕੜ ਨਾ ਆਉਣ ਦੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਵੱਲੋਂ ਸਟੇਟ ਕੰਟਰੋਲ ਰੂਮ ਬਣਾਇਆ ਗਿਆ ਹੈ ਜਿਸ ਵਿੱਚ ਹਰ ਵਿਭਾਗ ਦਾ ਇਕ ਨੋਡਲ ਅਫਸਰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਵਿੱਚ ਲੋੜੀਂਦੀਆਂ ਸੇਵਾਵਾਂ ਦੀ ਨਿਗਰਾਨੀ ਅਤੇ ਤਾਲਮੇਲ ਦੀ ਜ਼ਿੰਮੇਵਾਰੀ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਸੌਂਪੀ ਗਈ ਹੈ ਜੋ ਸਬੰਧਤ ਜ਼ਿਲ੍ਹੇ ਦਾ ਦੌਰਾ ਕਰਨਗੇ।
ਇਹ ਜਾਣਕਾਰੀ ਅੱਜ ਇਥੇ ਮੁੱਖ ਸਕੱਤਰ ਕੇ.ਏ.ਪੀ.ਸਿਨਹਾ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਸਮੂਹ ਪ੍ਰਬੰਧਕੀ ਸਕੱਤਰਾਂ, ਡੀ.ਜੀ.ਪੀ. ਅਤੇ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰ ਤੇ ਐਸ.ਐਸ.ਪੀਜ਼ ਨਾਲ ਮੀਟਿੰਗ ਕਰਨ ਉਪਰੰਤ ਦਿੱਤੀ ਗਈ। ਇਹ ਪ੍ਰਬੰਧਕੀ ਸਕੱਤਰ ਰੈਂਕ ਦੇ ਅਧਿਕਾਰੀ ਅਲਾਟ ਕੀਤੇ ਜ਼ਿਲ੍ਹਿਆਂ ਵਿੱਚ ਸਿਹਤ ਸੇਵਾਵਾਂ, ਖੁਰਾਕ ਤੇ ਸਿਵਲ ਸਪਲਾਈ, ਬਿਜਲੀ, ਜਲ ਸਪਲਾਈ, ਸੜਕਾਂ, ਆਵਾਜਾਈ, ਸਿੱਖਿਆ ਤੋਂ ਇਲਾਵਾ ਅਤੇ ਸਿਵਲ ਤੇ ਫੌਜ ਦਰਮਿਆਨ ਤਾਲਮੇਲ ਨਾਲ ਜੋੜੇ ਕਿਸੇ ਵੀ ਹੋਰ ਮੁੱਦੇ ਬਾਰੇ ਨਿਰੰਤਰ ਨਿਗਰਾਨੀ ਕਰਨਗੇ ਅਤੇ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਦੇ ਸੰਪਰਕ ਵਿੱਚ ਰਹਿਣਗੇ।
ਸ੍ਰੀ. ਕੇ.ਏ.ਪੀ. ਸਿਨਹਾ ਨੇ ਅੱਗੇ ਦੱਸਿਆ ਕਿ ਸਟੇਟ ਕੰਟਰੋਲ ਰੂਮ ਦੀ ਨਿਗਰਾਨੀ ਲਈ 15 ਆਈ.ਏ.ਐਸ./ਪੀ.ਸੀ.ਐਸ. ਅਫਸਰਾਂ ਤਾਇਨਾਤ ਕੀਤੇ ਗਏ ਹਨ ਜੋ ਵਾਰੀ ਅਨੁਸਾਰ ਇਸ ਕੰਟਰੋਲ ਰੂਮ ਦੀ ਅਗਵਾਈ ਕਰਨਗੇ ਅਤੇ ਹਰ ਵਿਭਾਗ ਦਾ ਇਕ ਨੋਡਲ ਅਫਸਰ ਇਸ ਵਿੱਚ ਸ਼ਾਮਲ ਹੋਵੇਗਾ। ਮੁੱਖ ਸਕੱਤਰ ਵੱਲੋਂ ਸਾਰੇ ਵਿਭਾਗਾਂ ਤੋਂ ਮੌਜੂਦਾ ਸਥਿਤੀ ਦੀ ਸਮੀਖਿਆ ਕੀਤੀ ਗਈ। ਗ੍ਰਹਿ ਵਿਭਾਗ ਨੂੰ ਸੂਬੇ ਦਾ ਨੋਡਲ ਵਿਭਾਗ ਬਣਾਇਆ ਗਿਆ ਜੋ ਕਿਸੇ ਵੀ ਸਥਿਤੀ ਕੇਂਦਰ ਦੀਆਂ ਸਬੰਧਤ ਏਜੰਸੀਆਂ, ਮੰਤਰਾਲਿਆਂ ਨਾਲ ਤਾਲਮੇਲ ਕਰੇਗਾ।
ਮੁੱਖ ਸਕੱਤਰ ਸ੍ਰੀ ਸਿਨਹਾ ਨੇ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਆਖਿਆ ਗਿਆ ਕਿ ਸੂਬੇ ਵਿੱਚ ਰੋਜ਼ਮਰਾ ਦੀਆਂ ਲੋੜੀਂਦੀਆਂ ਵਸਤਾਂ ਦੀ ਕੋਈ ਕਮੀ ਨਾ ਰਹੇ ਅਤੇ ਨਾ ਹੀ ਕੋਈ ਇਸ ਦੀ ਜਮ੍ਹਾਂਖੋਰੀ ਕਰੇ। ਉਨ੍ਹਾਂ ਸਖਤ ਨਿਰਦੇਸ਼ ਦਿੱਤੇ ਕਿ ਹੋਰਡਿੰਗ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਸਾਰੇ ਜ਼ਿਲ੍ਹਿਆਂ ਤੋਂ ਉਨ੍ਹਾਂ ਦੀਆਂ ਜ਼ਰੂਰਤਾਂ ਪੁੱਛੀਆਂ ਗਈਆਂ ਅਤੇ ਵਿੱਤ ਕਮਿਸ਼ਨਰ ਮਾਲ ਨੂੰ ਕਿਹਾ ਗਿਆ ਕਿ ਮੰਗ ਅਨੁਸਾਰ ਤੁਰੰਤ ਐਡਵਾਂਸ ਫੰਡ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਦੀਆਂ ਛੁੱਟੀਆਂ ਨੂੰ ਰੱਦ ਕਰਦਿਆਂ ਆਪੋ-ਆਪਣੇ ਸਟੇਸ਼ਨ ਉਤੇ ਤਾਇਨਾਤ ਰਹਿਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਸਾਰੇ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੇ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਵਿੱਚ ਡੀ.ਕੇ.ਤਿਵਾੜੀ ਨੂੰ ਮੋਗਾ, ਤੇਜਵੀਰ ਸਿੰਘ ਨੂੰ ਸੰਗਰੂਰ, ਜਸਪ੍ਰੀਤ ਤਲਵਾੜ ਨੂੰ ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ, ਦਿਲੀਪ ਕੁਮਾਰ ਨੂੰ ਬਠਿੰਡਾ, ਰਾਹੁਲ ਭੰਡਾਰੀ ਨੂੰ ਮਾਲੇਰਕੋਟਲਾ, ਵੀ.ਕੇ.ਮੀਨਾ ਨੂੰ ਮਾਨਸਾ, ਰਾਖੀ ਗੁਪਤਾ ਭੰਡਾਰੀ ਨੂੰ ਹੁਸ਼ਿਆਰਪੁਰ, ਵਿਕਾਸ ਗਰਗ ਨੂੰ ਫਰੀਦਕੋਟ, ਸੁਮੇਰ ਸਿੰਘ ਗੁਰਜਰ ਨੂੰ ਬਰਨਾਲਾ, ਨੀਲ ਕੰਠ ਐਸ.ਅਵਹਾਡ ਨੂੰ ਪਠਾਨਕੋਟ, ਰਾਹੁਲ ਤਿਵਾੜੀ ਨੂੰ ਸ੍ਰੀ ਮੁਕਤਸਰ ਸਾਹਿਬ, ਅਲਕਨੰਦਾ ਦਿਆਲ ਨੂੰ ਸ਼ਹੀਦ ਭਗਤ ਸਿੰਘ ਨਗਰ, ਕੁਮਾਰ ਰਾਹੁਲ ਨੂੰ ਰੂਪਨਗਰ, ਗੁਰਕਿਰਤ ਕ੍ਰਿਪਾਲ ਸਿੰਘ ਨੂੰ ਗੁਰਦਾਸਪੁਰ, ਪਿ੍ਰਆਂਕ ਭਾਰਤੀ ਨੂੰ ਲੁਧਿਆਣਾ, ਵੀ.ਐਨ.ਜ਼ਾਦੇ ਨੂੰ ਫਤਹਿਗੜ੍ਹ ਸਾਹਿਬ, ਕਮਲ ਕਿਸ਼ੋਰ ਯਾਦਵ ਨੂੰ ਅੰਮ੍ਰਿਤਸਰ, ਅਜੀਤ ਬਾਲਾਜੀ ਜੋਸ਼ੀ ਨੂੰ ਫਿਰੋਜ਼ਪੁਰ, ਮਨਵੇਸ਼ ਸਿੰਘ ਸਿੱਧੂ ਨੂੰ ਫਾਜ਼ਿਲਕਾ, ਦਲਜੀਤ ਸਿੰਘ ਮਾਂਗਟ ਨੂੰ ਤਰਨ ਤਾਰਨ, ਦਿਲਰਾਜ ਸਿੰਘ ਨੂੰ ਜਲੰਧਰ, ਅਭਿਨਵ ਨੂੰ ਕਪੂਰਥਲਾ ਤੇ ਮੁਹੰਮਦ ਤਈਅਬ ਨੂੰ ਪਟਿਆਲਾ ਵਿਖੇ ਲਗਾਇਆ ਗਿਆ ਹੈ।