ਫ਼ਰੀਦਕੋਟ, 9 ਮਈ, ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਪੂਨਮਦੀਪ ਕੌਰ ਆਈ.ਏ.ਐਸ ਨੇ ਵਰਤਮਾਨ ਹਲਾਤਾਂ ਦੇ ਮੱਦੇਨਜਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਤੇ ਸੁਚੇਤ ਰਹਿਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਅਤੇ ਹਰ ਸਥਿਤੀ ਤੇ ਨਜਰ ਰੱਖੀ ਜਾ ਰਹੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਕਿਸੇ ਵੀ ਸੰਕਟਕਾਲੀਨ ਸਥਿਤੀ ਪ੍ਰਤੀ ਸੁਚੇਤ ਰਹਿਣ ਲਈ ਕੁਝ ਮੁੱਢਲੇ ਨਿਯਮ ਹਨ ਜਿੰਨ੍ਹਾਂ ਦਾ ਪਾਲਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਖਤਰੇ ਦਾ ਸੰਕੇਤ ਮਿਲੇ ਤਾਂ ਸਭ ਤੋਂ ਪਹਿਲਾਂ ਕਿਸੇ ਇਮਾਰਤ ਦੇ ਅੰਦਰ ਸ਼ਰਨ ਲੈਣੀ ਹੈ। ਜੇਕਰ ਇਮਾਰਤ ਬਹੁਮੰਜਲਾ ਹੋਵੇ ਤਾਂ ਉਸਦੇ ਹੇਠਲੇ ਤਲ ਤੇ ਆ ਜਾਓ। ਹਰ ਪ੍ਰਕਾਰ ਦੀ ਲਾਈਟ ਬੰਦ ਕਰ ਦਿਓ। ਗੈਸ ਸਿੰਲਡਰ ਦੀ ਸਪਲਾਈ ਵੀ ਵਰਤੋਂ ਨਾ ਹੋਣ ਸਮੇਂ ਬੰਦ ਰੱਖੋ। ਘਰ ਦੇ ਅੰਦਰ ਵੀ ਕਿਸੇ ਕੋਨੇ ਵਿਚ ਦੀਵਾਰ ਨਾਲ ਲੁਕੋ। ਖਿੜਕੀ ਦੇ ਕੋਲ ਨਾ ਆਓ। ਜਦ ਤੱਕ ਆਮ ਹਾਲਾਤ ਦਾ ਸੰਕੇਤ ਨਹੀਂ ਮਿਲਦਾ ਬਾਹਰ ਨਾ ਨਿਕਲੋ। ਜੇਕਰ ਨੇੜੇ ਇਮਾਰਤ ਨਾ ਹੋਵੇ ਤਾਂ ਕਿਸੇ ਦਰਖੱਤ ਦੀ ਓਟ ਲਈ ਜਾਵੇ। ਜੇਕਰ ਵਾਹਨ ਚਲਾ ਰਹੇ ਹੋ ਤਾਂ ਵਾਹਨ ਸੜਕ ਕਿਨਾਰੇ ਰੋਕ ਉਸਦੀਆਂ ਲਾਈਟਾਂ ਬੰਦ ਕਰਕੇ ਧਰਤੀ ਤੇ ਛਾਤੀ ਦੇ ਭਾਰ ਲੇਟ ਲਵੋ ਅਤੇ ਕੰਨਾਂ ਨੂੰ ਉਂਗਲਾਂ ਨਾਲ ਬੰਦ ਕਰ ਲਵੋ।
ਉਨ੍ਹਾਂ ਨੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਕੋਈ ਵੀ ਗੈਰਜਰੂਰੀ ਲਾਈਟ ਨਾ ਜਗਾਈ ਜਾਵੇ ਅਤੇ ਖ਼ਤਰੇ ਸਮੇਂ ਇਨਵਰਟਰ, ਜਨਰੇਟਰ ਸਮੇਤ ਕਿਸੇ ਵੀ ਤਰੀਕੇ ਨਾਲ ਕੋਈ ਰੌਸ਼ਨੀ ਨਹੀਂ ਕਰਨੀ ਹੈ। ਸੌਣ ਸਮੇਂ ਵੀ ਯਕੀਨੀ ਕਰੋ ਕਿ ਘਰ ਦੇ ਬਾਹਰ ਜਾਂ ਅੰਦਰ ਦੀ ਕਿਸੇ ਲਾਈਟ ਦੀ ਰੌਸ਼ਨੀ ਬਾਹਰ ਨਾ ਜਾ ਰਹੀ ਹੋਵੇ ਅਤੇ ਲਾਈਟਾਂ ਬੰਦ ਕਰ ਦਿਓ। ਜੇਕਰ ਘਰਾਂ ਵਿਚ ਸੀਸੀਟੀਵੀ ਕੈਮਰੇ ਲੱਗੇ ਹਨ ਤਾਂ ਉਨ੍ਹਾਂ ਤੇ ਵੀ ਜੇਕਰ ਲਾਈਟ ਲੱਗੀ ਹੈ ਤਾਂ ਉਸਨੂੰ ਵੀ ਬੰਦ ਕਰ ਦਿਓ। ਉਨ੍ਹਾਂ ਨੇ ਕਿਹਾ ਕਿ ਖਤਰੇ ਸਮੇਂ ਘਰ ਦੇ ਅੰਦਰ ਰਹਿਣਾ ਹੈ ਅਤੇ ਘਬਰਾ ਕੇ ਛੱਤ ਜਾਂ ਬਾਹਰ ਨਹੀਂ ਆਉਣਾ ਹੈ ਅਤੇ ਨਾ ਹੀ ਬਲੈਕ ਆਉਟ ਵੇਲੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਕਰਨੀ ਹੈ ਕਿਉਂਕਿ ਮੋਬਾਇਲ ਦੀ ਸਕਰੀਨ ਦੀ ਰੌਸਨੀ ਦੁ਼ਸ਼ਮਣ ਨੂੰ ਤੁਹਾਡੀ ਥਾਂ ਪ੍ਰਗਟ ਕਰ ਸਕਦੀ ਹੈ। ਆਪਣੇ ਫੋਨ ਨੂੰ ਹਮੇਸ਼ਾ ਚਾਰਜ ਰੱਖੋ। ਕਿਸੇ ਵੀ ਮੁਸਕਿਲ ਸਮੇਂ ਐਮਰਜੈਂਸੀ ਹੈਲਪਲਾਈਨ ਨੰਬਰ 112 ਤੇ ਕਾਲ ਕਰ ਸਕਦੇ ਹੋ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਅਧਿਕਾਰਤ ਸੁਨੇਹਿਆਂ ਤੇ ਹੀ ਯਕੀਨ ਕਰੋ। ਨਾ ਆਪ ਕਿਸੇ ਅਫਵਾਹ ਤੇ ਅਮਲ ਕਰੋ ਤੇ ਨਾ ਹੀ ਕੋਈ ਅਫਵਾਹ ਫੈਲਾਓ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਅਗਾਉਂ ਤੌਰ ਤੇ ਸੁਚੇਤ ਕਰਨ ਲਈ ਹੈ ਅਤੇ ਕਿਸੇ ਵੀ ਘਬਰਾਹਟ ਵਿਚ ਨਾ ਆਇਆ ਜਾਵੇ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਡੀ.ਸੀ ਦਫ਼ਤਰ ਵਿਖੇ 01639-250338 ਇਸੇ ਤਰ੍ਹਾਂ ਡੀ.ਸੀ ਕੈਪ ਆਫਿਸ ਵਿਖੇ ਬਣਾਏ ਗਏ ਕੰਟਰੋਲ ਰੂਮ ਦਾ ਨੰਬਰ 01639-251000 ਅਤੇ 01639-251024 ਅਤੇ ਐਸ.ਐਸ.ਪੀ ਦਫ਼ਤਰ ਫ਼ਰੀਦਕੋਟ ਵਿਖੇ ਸਥਾਪਿਤ ਕੰਟਰੋਲ ਰੂਮ ਨੰਬਰ 75270-17100 ਤੇ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ ।