ਚੰਡੀਗੜ੍ਹ, 10 ਮਈ, ਦੇਸ਼ ਕਲਿੱਕ ਬਿਓਰੋ :
ਪਾਕਿਸਤਾਨ ਵੱਲੋਂ ਕੁਝ ਘੰਟਿਆਂ ਬਾਅਦ ਹੀ ਜੰਗਬੰਦੀ ਦੀ ਕੀਤੀ ਗਈ ਉਲੰਘਣਾ ਤੋਂ ਬਾਅਦ ਫਿਰ ਤੋਂ ਇਕ ਜ਼ਿਲ੍ਹੇ ਵਿੱਚ ਬਲੈਕ ਆਊਟ ਕੀਤਾ ਗਿਆ ਹੈ। ਪਠਾਨਕੋਟ ਵਿੱਚ ਡਰੋਨ ਦੇਖੇ ਜਾਣ ਦੀ ਖਬਰ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬਲੈਕ ਆਊਟ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਸੰਗਰੂਰ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ, ਦਸੂਹਾਂ, ਫਿਰੋਜ਼ਪੁਰ, ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਮੁੜ ਤੋਂ ਬਲੈਕ ਆਊਟ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਉਲੰਘਣਾ ਕਰਦੇ ਹੋਏ ਜੰਮੂ ਕਸ਼ਮੀਰ ਵਿੱਚ ਗੋਲੀਬਾਰੀ ਕੀਤੀ ਸੀ।
ਬਠਿੰਡਾ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਮੀਡੀਆ ਵਿੱਚ ਰਿਪੋਰਟ ਕੀਤੇ ਗਏ ਜੰਗਬੰਦੀ ਉਲੰਘਣਾਵਾਂ ਬਾਰੇ ਆਮ ਜਨਤਾ ਵੱਲੋਂ ਸਵਾਲ ਉਠਾਏ ਜਾ ਰਹੇ ਹਨ। ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਿਲਹਾਲ ਚਿੰਤਾ ਕਰਨ ਦਾ ਕੋਈ ਕਾਰਨ ਨਹੀਂ ਹੈ। ਸ਼ਾਂਤ ਰਹੋ। ਅਸੀਂ ਸਬੰਧਤ ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਜੇਕਰ ਕੋਈ ਖ਼ਤਰਾ ਹੈ ਤਾਂ ਤੁਹਾਨੂੰ ਸਮੇਂ ਸਿਰ ਸੂਚਿਤ ਕੀਤਾ ਜਾਵੇਗਾ। ਕਿਰਪਾ ਕਰਕੇ ਕਿਸੇ ਵੀ ਹੋਰ ਨਿਰਦੇਸ਼ਾਂ/ਸਲਾਹ ਲਈ ਡੀਪੀਆਰਓ ਬਠਿੰਡਾ ਦੇ ਸਾਡੇ ਅਧਿਕਾਰਤ ਪੰਨੇ ਨੂੰ ਫਾਲੋ ਕਰਦੇ ਰਹੋ।