ਰਾਜਸਥਾਨ ਨੂੰ ਫੌਜ ਲਈ ਪਾਣੀ ਦੇਣ ਦਾ ਫ਼ੈਸਲਾ ਕੌਮੀ ਹਿੱਤ ‘ਚ: ਬਰਿੰਦਰ ਕੁਮਾਰ ਗੋਇਲ

Published on: May 11, 2025 8:13 pm

ਪੰਜਾਬ

ਚੰਡੀਗੜ੍ਹ/ਲਹਿਰਾਗਾਗਾ, 11 ਮਈ: ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਰਤੀ ਫੌਜ ਲਈ ਰਾਜਸਥਾਨ ਨੂੰ ਪਾਣੀ ਦੇਣ ਦਾ ਫ਼ੈਸਲਾ ਕੌਮੀ ਹਿੱਤ ਵਿੱਚ ਲਿਆ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਲੋਕ ਆਪਣੀ ਦਿਆਲਤਾ ਅਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਦੇ ਸੁਭਾਅ ਲਈ ਜਾਣੇ ਜਾਂਦੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬੀ.ਬੀ.ਐਮ.ਬੀ. ਮੁੱਦੇ ਨੂੰ ਹੱਲ ਕਰਨ ਵਿੱਚ ਕੋਈ ਉਸਾਰੂ ਭੂਮਿਕਾ ਨਹੀਂ ਨਿਭਾਈ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਆਪਣੇ ਪਾਣੀ ਦੇ ਨਿਰਧਾਰਤ ਹਿੱਸੇ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ, ਇਸ ਲਈ ਪੰਜਾਬ ਕਿਸੇ ਵੀ ਜ਼ਬਰਦਸਤੀ ਜਾਂ ਧੱਕੇਸ਼ਾਹੀ ਵਾਲੇ ਰਵੱਈਏ ਨੂੰ ਬਰਦਾਸ਼ਤ ਨਹੀਂ ਕਰੇਗਾ।

ਕੈਬਨਿਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਫੌਜ ਲਈ ਰਾਜਸਥਾਨ ਨੂੰ ਪਾਣੀ ਦੇਣ ਲਈ ਤਿਆਰ ਹੈ ਕਿਉਂਕਿ ਇਹ ਦੇਸ਼ ਅਤੇ ਹਥਿਆਰਬੰਦ ਸੈਨਾਵਾਂ ਦੇ ਹਿੱਤ ਵਿੱਚ ਹੈ। ਹਾਲਾਂਕਿ, ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ।

ਬੀ.ਬੀ.ਐਮ.ਬੀ. ਦੇ ਮੁੱਦੇ ਬਾਰੇ ਗੱਲ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਇਸ ਸੰਸਥਾ ਨੇ ਹਰਿਆਣਾ ਅਤੇ ਹੋਰ ਰਾਜਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਇਸ ਦੇ ਸੰਚਾਲਨ ਦਾ 60 ਫੀਸਦ ਖ਼ਰਚਾ ਪੰਜਾਬ ਚੁੱਕ ਰਿਹਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਆਪਣੇ ਹਿੱਤਾਂ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਗੋਇਲ ਨੇ ਪਾਕਿਸਤਾਨ ਵਿੱਚ ਅਤਿਵਾਦੀ ਕੈਂਪਾਂ ਵਿਰੁੱਧ ਸਰਜੀਕਲ ਸਟ੍ਰਾਈਕ ਲਈ ਭਾਰਤੀ ਫੌਜ ਦੀ ਸ਼ਲਾਘਾ ਕਰਦਿਆਂ ਦੇਸ਼ ਦੀਆਂ ਹਥਿਆਰਬੰਦ ਫੌਜਾਂ ‘ਤੇ ਮਾਣ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੌਜੂਦਾ ਹਾਲਾਤਾਂ ਦੌਰਾਨ ਆਪਣੇ ਲੋਕਾਂ ਨਾਲ ਖੜ੍ਹੀ ਹੈ ਅਤੇ ਅੱਗੇ ਵੀ ਖੜ੍ਹੀ ਰਹੇਗੀ।

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਲਹਿਰਾਗਾਗਾ ਸ਼ਹਿਰ ਵਿੱਚੋਂ ਲੰਘਦੀ ਡਿੱਚ ਡਰੇਨ, ਜੋ ਲੰਬੇ ਸਮੇਂ ਤੋਂ ਗੰਦਗੀ ਅਤੇ ਖ਼ਸਤਾ ਹਾਲ ਸੀ, ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। ਦੱਸਣਯੋਗ ਹੈ ਕਿ ਹੁਣ ਸੈਰ-ਸਪਾਟੇ ਦੇ ਨਜ਼ਰੀਏ ਤੋਂ ਇਸ ਡਰੇਨ ਦਾ ਮੁਹਾਂਦਰਾ ਬਦਲਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੰਮ ਮੁਕੰਮਲ ਹੋਣ ਨੇੜੇ ਹੈ ਅਤੇ ਇਹ ਜਲਦ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਹ ਡਿੱਚ ਡਰੇਨ ਲਹਿਰਾ ਸ਼ਹਿਰ ਦੇ ਅੰਦਰ ਦੀ ਲੰਘਦੀ ਸੀ। ਇਸ ਦੇ ਕਿਨਾਰਿਆਂ ਉੱਤੇ ਲੋਕ ਬਹੁਤ ਹੀ ਤਰਸਯੋਗ ਹਾਲਤ ਵਿੱਚ ਰਹਿੰਦੇ ਹਨ। ਇਥੋਂ ਤੱਕ ਕਿ ਲੋਕਾਂ ਦੇ ਮਕਾਨ ਵੀ ਇਸ ਡਰੇਨ ਉੱਤੇ ਬਣੇ ਹੋਏ ਸਨ ਅਤੇ ਉਨ੍ਹਾਂ ਦੇ ਘਰਾਂ ਦੀ ਹਾਲਤ ਵੀ ਖਸਤਾ ਹੋ ਰਹੀ ਸੀ। ਆਲੇ ਦੁਆਲੇ ਗੰਦ ਹੋਣ ਦੇ ਨਾਲ-ਨਾਲ ਇੱਥੇ ਹਰ ਸਮੇਂ ਦੁਰਘਟਨਾ ਦਾ ਡਰ ਵੀ ਬਣਿਆ ਰਹਿੰਦਾ ਸੀ। ਲੋਕਾਂ ਦੀ ਬਹੁਤ ਪੁਰਾਣੀ ਮੰਗ ਸੀ ਕਿ ਇਸ ਡਰੇਨ ਵੱਲ ਧਿਆਨ ਦਿੱਤਾ ਜਾਵੇ।

ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੁਣ ਇਸ ਡਰੇਨ ਵਿੱਚ 4.5-4.5 ਫੁੱਟ ਚੌੜ੍ਹੇ 2 ਪਾਈਪ ਪਾਏ ਗਏ ਹਨ ਤਾਂ ਕਿ ਪਾਣੀ ਲੰਘਣ ਵਿੱਚ ਕੋਈ ਦਿੱਕਤ ਨਾ ਆਏ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ 15 ਕਰੋੜ ਰੁਪਏ ਦਾ ਪ੍ਰਾਜੈਕਟ ਸੀ ਪਰ ਵਿਭਾਗੀ ਇਮਾਨਦਾਰੀ ਕਰਕੇ ਇਸ ਦਾ ਟੈਂਡਰ 12 ਕਰੋੜ ਰੁਪਏ ਵਿੱਚ ਹੋਇਆ ਹੈ। ਇਸ ਤਰ੍ਹਾਂ ਸੂਬੇ ਦੇ ਲੋਕਾਂ ਦਾ 3 ਕਰੋੜ ਰੁਪਏ ਦਾ ਬਚਾਅ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਕੰਮ ਮਹੀਨਾ ਕੁ ਪਹਿਲਾਂ ਸ਼ੁਰੂ ਹੋਇਆ ਸੀ, ਜੋ ਜਲਦੀ ਹੀ ਮੁਕੰਮਲ ਹੋਣ ਜਾ ਰਿਹਾ ਹੈ। ਤਿੰਨ ਕਿਲੋਮੀਟਰ ਲੰਮੀ ਅਤੇ 32 ਫੁੱਟ ਚੌੜੀ ਡਰੇਨ ਉੱਤੇ 15 ਫੁੱਟ ਇੰਟਰਲਾਕ ਟਾਈਲਾਂ ਲੱਗ ਰਹੀਆਂ ਹਨ। ਇਸ ਦੇ ਆਸੇ ਪਾਸੇ ਜਾਲੀ ਲਗਾ ਕੇ ਆਧੁਨਿਕ ਘਾਹ ਅਤੇ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਜਿਥੋਂ ਲੋਕ ਕਦੇ ਲੰਘਣਾ ਵੀ ਪਸੰਦ ਨਹੀਂ ਕਰਦੇ ਸਨ, ਹੁਣ ਇਹ ਸੈਰਗਾਹ ਵਜੋਂ ਵਿਕਸਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੀ ਸਾਂਭ-ਸੰਭਾਲ ਲਈ ਤਿੰਨ ਕਰਮਚਾਰੀ ਨਿਯੁਕਤ ਕੀਤੇ ਜਾਣਗੇ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ 40 ਸਾਲਾਂ ਵਿੱਚ ਇਸ ਡਰੇਨ ਉੱਤੇ ਇੱਕ ਵੀ ਪੈਸਾ ਲੱਗਦਾ ਨਹੀਂ ਦੇਖਿਆ ਅਤੇ ਨਾ ਹੀ ਕੋਈ ਇਸ ਦੀ ਸਾਰ ਲੈਣ ਲਈ ਆਇਆ ਸੀ ਪਰ ਹੁਣ ਲੋਕ ਸ਼ਾਮ ਸਵੇਰੇ ਸੈਰ ਕਰਨ ਆਉਣ ਲੱਗੇ ਹਨ।

ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਸਲੱਮ ਖੇਤਰ ਵਿੱਚ ਬਰਸਾਤੀ ਪਾਣੀ ਨਹੀਂ ਖੜ੍ਹਨ ਦਿੱਤਾ ਜਾਵੇਗਾ, ਜਿਸ ਨੂੰ ਹੁਣ ਇਸ ਡਰੇਨ ਵਿੱਚ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਵਚਨਬੱਧ ਤੇ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਅਤੇ ਇਸ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਮੌਕੇ ਐਸ.ਡੀ.ਐਮ ਲਹਿਰਾਗਾਗਾ ਸੂਬਾ ਸਿੰਘ, ਸ੍ਰੀ ਨਰਿੰਦਰ ਕੁਮਾਰ ਗੋਇਲ, ਐਡਵੋਕੇਟ ਗੌਰਵ ਗੋਇਲ, ਤਜਿੰਦਰ ਕੁਮਾਰ ਘਈ, ਐਸ.ਡੀ.ਓ ਚੇਤਨ ਗੁਪਤਾ, ਐਕਸੀਅਨ ਗੁਰਦੀਪ ਬਾਂਸਲ, ਐਕਸੀਅਨ ਜਗਦੀਪ ਭਾਖਰ, ਐਮ.ਸੀ ਕਪਿਲ ਤਾਇਲ, ਐਮ.ਸੀ ਸੁਰਿੰਦਰ ਕੁਮਾਰ ਜੱਗੀ, ਸ਼ੀਸ਼ਪਾਲ, ਪ੍ਰਧਾਨ ਅਗਰਵਾਲ ਸਭਾ ਲਹਿਰਾ, ਨੰਦ ਲਾਲ ਨੰਦੂ, ਮੇਘ ਰਾਜ, ਦੀਪਕ ਜੈਨ ਹਨੁਮਾਨ ਮੰਦਰ ਕਮੇਟੀ ਦੇ ਪ੍ਰਧਾਨ ਸੰਜੇ ਕੁਮਾਰ, ਰਾਮ ਸਰੂਪ, ਮਲਕੀਤ ਸਿੰਘ ਰੀਟਾਇਰ ਜੇ.ਈ ਅਤੇ ਹੋਰ ਵੀ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।