ਸਿੱਖ ਕੌਮ ਆਪਣੀ ਤਾਕਤ ਦੀ ਲਾਮਬੰਦੀ ਯਕੀਨੀ ਬਣਾਏ-ਜਥੇਦਾਰ ਗੜਗੱਜ
ਮੋਹਾਲੀ: 11 ਮਈ, ਦੇਸ਼ ਕਲਿੱਕ ਬਿਓਰੋ
ਹਿੰਦ-ਪਾਕ ਵਿੱਚ ਚੱਲ ਰਹੇ ਤਣਾਓ ਦੇ ਖਾਤਮੇ ਅਤੇ ਵਿਸ਼ਵ ਸ਼ਾਂਤੀ ਦੀ ਸਥਾਪਤੀ ਲਈ ਅੱਜ ਗਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਦਿਵਸ ਦਾ ਅਯੋਜਨ ਕੀਤੀ ਗਿਆ ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਬਾਣੀ ਪ੍ਰਵਾਅ, ਕੀਰਤਨ ਅਤੇ ਅਰਦਾਸ ਦੀ ਸਮਾਪਤੀ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਮੂਲ ਪੰਜਾਬੀਆਂ ਦੀ ਮੌਜੂਦਾ ਤ੍ਰਾਸਦੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਮੁਢਲੇ ਤੌਰ ਤੇ ਆਪਸੀ ਇਤਫ਼ਾਕ ਕਾਇਮ ਕਰਨ ਵੱਲ ਵਧੇਰੇ ਤਵੱਜੋਂ ਦੇਣੀ ਚਾਹੀਦੀ ਹੈ ਤਾਂ ਜੋ ਦਰਪੇਸ਼ ਚੁਣੌਤੀਆਂ ਦਾ ਸਮਰੱਥ ਤਰੀਕੇ ਟਾਕਰਾ ਕੀਤਾ ਜਾ ਸਕੇ। ਬੀਤੇ ਦਿਨੀਂ ਮੁਹਾਲੀ ਦੇ ਪਿੰਡ ਕੁੰਬੜਾ ਵਿਖੇ ਪ੍ਰਵਾਸੀ ਪੰਜਾਬੀਆਂ ਵੱਲੋਂ ਦੋ ਨੌਜਵਾਨਾਂ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਘਟਨਾ ਸਾਡੇ ਆਪਣੇ ਖਿੱਤੇ ਵਿੱਚ ਸਾਡੀ ਹੋਂਦ ਲਈ ਇੱਕ ਵੰਗਾਰ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀਆਂ ਗੈਰਮਾਨਵੀ ਘਟਨਾਵਾਂ ਦੇ ਖਾਤਮੇ ਲਈ ਸਾਨੂੰ ਆਪਣੇ ਵਖਰੇਵੇਂ ਤਿਆਗਕੇ ਇੱਕਜੁੱਟ ਹੋਣਾ ਪਵੇਗਾ। ਜਥੇਦਾਰ ਗੜਗੱਜ ਨੇ ਕਿਹਾ ਕਿ ਮੁਹਾਲੀ ਇਲਾਕਾ ਸ਼ਹੀਦਾਂ-ਸਿੰਘਾਂ ਦੀ ਪਵਿੱਤਰ ਧਰਤੀ ਹੈ ਇਸ ਉੱਤੇ ਤੰਬਾਕੂ, ਬੀੜੀ, ਪਾਨ ਅਤੇ ਹਲਾਲ ਮੀਟ ਦੀਆਂ ਦੁਕਾਨਾਂ ਚਲਾਉਣ ਦੀ ਇਜਾਜ਼ਤ ਨਹੀਂ ਦਿਆਂਗੇ ਜਿਨ੍ਹਾਂ ਨੂੰ ਬੰਦ ਕਰਨ ਲਈ ਜਲਦੀ ਹੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਜਾਵੇਗੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਜਥੇਦਾਰ ਵੱਲੋਂ ਕੌਮ ਨੂੰ ਸਮੁੱਚੀ ਸੇਧ ਅਤੇ ਸਮਾਜਿਕ ਕਾਰਜਾਂ ਵਿੱਚ ਭਰਵਾਂ ਯੋਗਦਾਨ ਪਾਉਣ ਬਦਲੇ ਉਨ੍ਹਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। ਜਥੇਦਾਰ ਸੋਹਾਣਾ ਨੇ ਆਸ ਪ੍ਰਗਟ ਕੀਤੀ ਕਿ ਸਿੱਖ ਕੌਮ ਦੀ ਸੁਚੱਜੀ ਅਗਵਾਈ ਰਾਹੀਂ ਤਮਾਮ ਚੁਣੌਤੀਆਂ ਨੂੰ ਜਲਦੀ ਹੀ ਸਰ ਕਰ ਲਿਆ ਜਾਵੇਗਾ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ, ਸੀ.ਮੀਤ ਪ੍ਰਧਾਨ ਸਤਵਿੰਦਰ ਸਿੰਘ, ਕਮੇਟੀ ਮੈਂਬਰ ਜਰਨੈਲ ਸਿੰਘ, ਭੁਪਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ, ਚੇਅਰਮੈਨ ਜਸਬੀਰ ਸਿੰਘ ਜੱਸਾ, ਅਕਾਲੀ ਆਗੂ ਸੁਖਵਿੰਦਰ ਸਿੰਘ ਛਿੰਦੀ, ਬਿੱਲਾ ਛੱਜੂਮਾਜਰਾ, ਹਰਵਿੰਦਰ ਸਿੰਘ ਲੰਬੜਦਾਰ, ਕਰਮਜੀਤ ਸਿੰਘ ਸੋਹਾਣਾ, ਐਡਵੋਕੇਟ ਗਗਨਦੀਪ ਸਿੰਘ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ, ਕੈਪਟਨ ਰਮਨਦੀਪ ਸਿੰਘ ਬਾਵਾ, ਲੰਬੜਦਾਰ ਹਰਿੰਦਰ ਸਿੰਘ ਸੁੱਖਗੜ੍ਹ, ਜਤਿੰਦਰ ਸਿੰਘ ਜੇਪੀ ਅਤੇ ਕੁਲਦੀਪ ਸਿੰਘ ਆਦਿ ਆਗੂ ਹਾਜ਼ਰ ਸਨ।

ਵਿਸ਼ਵ ਸ਼ਾਂਤੀ ਅਤੇ ਹਿੰਦ-ਪਾਕ ਕੁੜੱਤਣ ਦੇ ਖ਼ਾਤਮੇ ਲਈ ਅਰਦਾਸ
Published on: May 11, 2025 9:42 pm