ਭਾਰਤੀ ਫੌਜ ਵਿਰੁੱਧ ਚੱਲ ਰਹੀ ਜਾਅਲੀ ਵੀਡੀਓ ਨੂੰ ਸ਼ੇਅਰ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਸੀਨੀਅਰ ਸੈਕੰਡਰੀ ਸਕੂਲ ਦੇ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਹੈ।
ਖੰਨਾ, 12 ਮਈ, ਦੇਸ਼ ਕਲਿਕ ਬਿਊਰੋ :
ਭਾਰਤੀ ਫੌਜ ਵਿਰੁੱਧ ਚੱਲ ਰਹੀ Fake Video ਨੂੰ ਸ਼ੇਅਰ ਕਰਨ ਦੇ ਮਾਮਲੇ ਵਿੱਚ ਖੰਨਾ ਪੁਲਿਸ ਨੇ ਸੀਨੀਅਰ ਸੈਕੰਡਰੀ ਸਕੂਲ ਦੇ ਕਲਰਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਹਰੀਓਂ ਕਲਾਂ ਦਾ ਰਹਿਣ ਵਾਲਾ ਹੈ ਤੇ ਏ.ਐਸ. ਸੀਨੀਅਰ ਸੈਕੰਡਰੀ ਸਕੂਲ ਵਿੱਚ ਕਲਰਕ ਵਜੋਂ ਕੰਮ ਕਰਦਾ ਹੈ।ਉਸ ਦਾ ਨਾਂ ਸਤਵੰਤ ਸਿੰਘ ਹੈ। ਸਦਰ ਥਾਣੇ ਦੇ ਐਸ.ਐਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਸਾਈਬਰ ਕ੍ਰਾਈਮ ਰਾਹੀਂ ਉਸਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਸਨੇ ਇਹ ਜਾਅਲੀ ਵੀਡੀਓ ਕਿੱਥੇ-ਕਿਥੇ ਸਾਂਝੀ ਕੀਤੀ ਹੈ।
ਜਿਕਰਯੋਗ ਹੈ ਕਿ ਮੁਲਜ਼ਮ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਪਾਕਿਸਤਾਨੀ ਚੈਨਲ ‘ਤੇ ਬੈਠਾ ਇੱਕ ਵਿਅਕਤੀ ਕਿਸੇ ਪੰਜਾਬੀ ਨਾਲ ਗੱਲ ਕਰ ਰਿਹਾ ਹੈ ਜਿਸ ਵਿੱਚ ਇਹ ਪੰਜਾਬੀ, ਪਾਕਿਸਤਾਨੀ ਨੂੰ ਦੱਸ ਰਿਹਾ ਹੈ ਕਿ ਭਾਰਤੀ ਫੌਜ ਦੇ ਟੈਂਕ ਉਸਦੇ ਪਿੰਡ ਵਿੱਚ ਆ ਗਏ ਹਨ ਅਤੇ ਉਹ ਆਪਣੇ ਹੀ ਭਾਰਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਝੂਠੀ ਕਹਾਣੀ ਨੂੰ ਸੁਣਨ ਤੋਂ ਬਾਅਦ, ਪਾਕਿਸਤਾਨ ਵਿੱਚ ਬੈਠਾ ਉਹ ਪੰਜਾਬੀ ਕਹਿ ਰਿਹਾ ਹੈ ਕਿ ਇਸਨੂੰ ਸਾਰੇ ਰਿਸ਼ਤੇਦਾਰਾਂ, ਦੋਸਤਾਂ ਨਾਲ ਸਾਂਝਾ ਕਰੋ। ਜਦੋਂ ਇਸ ਕਲਰਕ ਨੇ ਇਸਨੂੰ ਖੰਨਾ ਵਿੱਚ ਸਾਂਝਾ ਕੀਤਾ ਤਾਂ ਲੋਕ ਇਸਨੂੰ ਦੇਖ ਕੇ ਗੁੱਸੇ ਹੋ ਗਏ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ।