ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਬਰਨਾਲਾ ਦਾ ਜਥੇਬੰਦਕ ਇਜਲਾਸ ਸਫਲਤਾਪੂਰਵਕ ਸੰਪੰਨ 

Punjab

ਦਲਜੀਤ ਕੌਰ 

ਬਰਨਾਲਾ, 13 ਮਈ, 2025: ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਸਰਕਲ ਬਰਨਾਲਾ ਦਾ ਜਥੇਬੰਦਕ ਇਜਲਾਸ ਸੂਬਾਈ ਆਗੂਆਂ ਧਨਵੰਤ ਸਿੰਘ ਭੱਠਲ, ਸਿਕੰਦਰ ਸਿੰਘ ਰੋਪੜ, ਇੰਦਰਜੀਤ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਸੰਪੰਨ ਹੋ ਗਿਆ। ਜਥੇਬੰਦਕ ਇਜਲਾਸ ਦੀ ਸ਼ੁਰੂਆਤ ਵਿਛੋੜਾ ਦੇ ਗਏ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਤਿੰਨ ਸਾਲ ਤੋਂ ਵੱਧ ਸਮੇਂ ਦੀ ਕਾਰਗੁਜ਼ਾਰੀ ਰਿਪੋਰਟ ਸਰਕਲ ਸਕੱਤਰ ਸਿੰਦਰ ਧੌਲਾ ਵੱਲੋਂ ਪੇਸ਼ ਕੀਤੀ ਗਈ। ਰਿਪੋਰਟ ਵਿੱਚ ਕੌਮਾਂਤਰੀ, ਕੌਮੀ ਅਤੇ ਪੰਜਾਬ ਦੀ ਸਿਆਸੀ ਹਾਲਾਤ ਸਬੰਧੀ ਸੰਖੇਪ ਵਿੱਚ ਮਹੱਤਵਪੂਰਨ ਪੱਖਾਂ ਨੂੰ ਛੂਹਿਆ ਗਿਆ। ਵਿੱਤ ਰਿਪੋਰਟ ਬਹਾਦਰ ਸਿੰਘ ਸੰਘੇੜਾ ਵੱਲੋਂ ਪੇਸ਼ ਕੀਤੀ ਗਈ। 

ਇਸ ਸਮੇਂ ਦੌਰਾਨ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ/ਮੁਲਾਜਮ ਵਿਰੋਧੀ ਨੀਤੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਦੀਆਂ ਅਹਿਮ ਪ੍ਰਾਪਤੀਆਂ ਦੇ ਨਾਲ ਨਾਲ ਰਹਿ ਗਈਆਂ ਘਾਟਾਂ/ਕਮਜ਼ੋਰੀਆਂ ਨੂੰ ਵੀ ਚਿੰਨਤ ਕੀਤਾ ਗਿਆ। ਰਿਪੋਰਟ ਪੇਸ਼ ਕਰਨ ਉਪਰੰਤ ਡੈਲੀ ਗੇਟਾਂ ਨੂੰ ਉਸਾਰੂ ਅਲੋਚਨਾਤਮਕ ਨਜ਼ਰੀਏ ਤੋਂ ਆਪਣੇ ਵਿਚਾਰ ਰੱਖਣ, ਬਹਿਸ ਵਿੱਚ ਭਾਗ ਲੈਣ ਦਾ ਸੱਦਾ ਸਰਕਲ ਪ੍ਰਧਾਨ ਪਿਆਰਾ ਲਾਲ ਨੇ ਸੱਦਾ ਦਿੱਤਾ। 

ਕਾਰੁਗਜ਼ਾਰੀ ਰਿਪੋਰਟ ਉੱਪਰ ਜਰਨੈਲ ਸਿੰਘ ਮਲੇਰਕੋਟਲਾ, ਗੋਬਿੰਦ ਕਾਂਤ, ਗੁਰਚਰਨ ਸਿੰਘ, ਜੱਗਾ ਸਿੰਘ, ਰੂਪ ਚੰਦ, ਮੋਹਣ ਸਿੰਘ, ਸਿਕੰਦਰ ਸਿੰਘ, ਬਲਵੰਤ ਸਿੰਘ, ਗਮਦੂਰ ਸਿੰਘ, ਰਤਨ ਸਿੰਘ, ਸੁਖਵੰਤ ਸਿੰਘ ਆਦਿ ਬਹੁਤ ਸਾਰੇ ਡੈਲੀ ਗੇਟਾਂ ਨੇ ਨਿੱਠ ਕੇ ਸਵਾਲ ਰੱਖੇ। ਡੈਲੀ ਗੇਟਾਂ ਨੇ ਕਾਰਗੁਜ਼ਾਰੀ ਰਿਪੋਰਟ ਦੇ ਹਾਂ ਪੱਖਾਂ ਨੂੰ ਉਚਿਆਉਂਦਿਆ ਰਹਿ ਗਈਆਂ ਘਾਟਾਂ ਕਮਜ਼ੋਰੀਆਂ ਨੂੰ ਪੂਰੀ ਸ਼ਿੱਦਤ ਨਾਲ ਉਭਾਰਿਆ। ਤਿੱਖੀ ਉਸਾਰੂ ਅਲੋਚਨਾਤਮਕ ਨਜ਼ਰੀਏ ਤੋਂ ਕੀਤੀ ਗਈ ਬਹਿਸ ਤੋਂ ਬਾਅਦ ਡੈਲੀ ਗੇਟਾਂ ਵੱਲੋਂ ਉਭਾਰੇ ਸਵਾਲਾਂ ਨੂੰ ਨੋਟ ਕਰਦਿਆਂ ਕਾਰੁਗਜ਼ਾਰੀ ਰਿਪੋਰਟ ਅਤੇ ਵਿੱਤ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਸਰਕਲ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਸਰਕਲ ਕਮੇਟੀ ਦੀ ਚੋਣ ਕਰਵਾਉਣ ਲਈ ਕਾਰਵਾਈ ਸੂਬਾ ਕਮੇਟੀ ਨੂੰ ਸੌਂਪ ਦਿੱਤੀ। 

ਸੂਬਾਈ ਆਗੂਆਂ ਧਨਵੰਤ ਸਿੰਘ ਭੱਠਲ, ਸਿਕੰਦਰ ਸਿੰਘ ਰੋਪੜ, ਇੰਦਰਜੀਤ ਸਿੰਘ ਸਿੱਧੂ, ਨਰਾਇਣ ਦੱਤ ਅਤੇ ਗੁਰਦੇਵ ਸਿੰਘ ਮਾਂਗੇਵਾਲ ਨੇ ਜਥੇਬੰਦਕ ਚੋਣਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਸਰਕਲ ਬਰਨਾਲਾ ਦੇ ਸਾਥੀਆਂ ਨੂੰ ਤਿੰਨ ਸਾਲ ਤੋਂ ਵੱਧ ਦੇ ਅਰਸੇ ਵਿੱਚ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਉਦਾਰੀਕਰਨ ਅਤੇ ਸੰਸਾਰੀਕਰਨ ਦੀਆਂ ਪਾਵਰਕੌਮ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਚੱਲੇ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਦੀ ਜ਼ੋਰਦਾਰ ਸ਼ਲਾਘਾ ਕੀਤੀ। ਆਗੂਆਂ ਕਿਹਾ ਕਿ ਪਾਵਰਕੌਮ ਦੇ ਪੈਨਸ਼ਨਰਜ਼ ਦੀ ਸੂਝਬੂਝ ਦਾ ਹੀ ਸਿੱਟਾ ਹੈ ਕਿ ਉਹ ਆਪਣੇ ਆਪ ਨੂੰ ਪਾਵਰਕੌਮ ਪੈਨਸ਼ਨਰਜ਼ ਦੇ ਮੰਗਾਂ ਮਸਲਿਆਂ ਤੱਕ ਹੀ ਸੀਮਤ ਨਹੀਂ ਰੱਖਦੇ ਸਗੋਂ ਹਰ ਹਕੂਮਤੀ ਜ਼ਬਰ ਵਿਰੋਧੀ ਸੰਘਰਸ਼ ਵਿੱਚ ਆਪਣੀ ਅਗਵਾਨੂੰ ਭੂਮਿਕਾ ਨਿਭਾਉਂਦੇ ਹਨ। ਜ਼ਬਰ ਖ਼ਿਲਾਫ਼ ਟਾਕਰੇ ਦੀ ਲਹਿਰ ਮਹਿਲਕਲਾਂ ਲੋਕ ਘੋਲ ਵਿੱਚ ਲਗਾਤਾਰ ਪਾਇਆ ਜਾ ਰਿਹਾ ਯੋਗਦਾਨ ਆਪਣੇ ਆਪ ਵਿੱਚ ਇੱਕ ਮਿਸਾਲ ਹੈ। 

ਇਸ ਮੌਕੇ ਡੈਲੀ ਗੇਟਾਂ ਵੱਲੋਂ ਇੱਕੋ ਇੱਕ ਪੈਨਲ ਪੇਸ਼ ਕੀਤਾ ਗਿਆ ਜਿਸ ਵਿੱਚ ਪ੍ਰਧਾਨ ਪਿਆਰਾ ਲਾਲ, ਸੀਨੀਅਰ ਮੀਤ ਪ੍ਰਧਾਨ ਮੇਲਾ ਸਿੰਘ ਕੱਟੂ, ਮੀਤ ਪ੍ਰਧਾਨ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਹਰਬੰਸ ਲਾਲ, ਸਕੱਤਰ ਸਿੰਦਰ ਧੌਲਾ, ਸਹਾਇਕ ਸਕੱਤਰ ਗੋਬਿੰਦ ਕਾਂਤ, ਵਿੱਤ ਸਕੱਤਰ ਬਹਾਦਰ ਸਿੰਘ ਸੰਘੇੜਾ, ਪ੍ਰੈੱਸ ਸਕੱਤਰ ਬਲਵੰਤ ਸਿੰਘ ਬਰਨਾਲਾ, ਦਫ਼ਤਰ ਸਕੱਤਰ ਗੌਰੀ ਸ਼ੰਕਰ, ਜਥੇਬੰਦਕ ਸਕੱਤਰ ਜਗਜੀਤ ਸਿੰਘ, ਐਡੀਟਰ ਸੁਖਵਿੰਦਰ ਸਿੰਘ ਜਿਸ ਨੂੰ ਇਜਲਾਸ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।  

ਮੌਜੂਦਾ ਹਾਲਤਾਂ ਸਬੰਧੀ ਗੰਭੀਰ ਵਿਚਾਰਾਂ ਕਰਦੇ ਹੋਏ ਸਰਬਸੰਮਤੀ ਨਾਲ ਜ਼ੋਰਦਾਰ ਨਾਹਰਿਆਂ ਨਾਲ ਮਤੇ ਪਾਸ ਕੀਤੇ ਗਏ। ਜਿਨ੍ਹਾਂ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਹੱਕ ਮੰਗਦੇ ਕਿਸਾਨਾਂ-ਮਜ਼ਦੂਰਾਂ-ਮੁਲਾਜਮਾਂ-ਬੇਰੁਜਗਾਰਾਂ ਅਤੇ ਹੋਰ ਮਿਹਨਤਕਸ਼ ਤਬਕਿਆਂ ਉੱਪਰ ਪੁਲਿਸ ਜ਼ਬਰ ਦੀ ਨਿਖੇਧੀ, ਪਾਣੀਆਂ ਦੇ ਮਸਲੇ ਖਾਸ ਕਰ ਬੀਬੀਐੱਮਬੀ ਵੱਲੋਂ ਹਰਿਆਣਾ ਨੂੰ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਧੱਕੇਸ਼ਾਹੀ ਦੀ ਨੀਤੀ ਤਹਿਤ ਜ਼ਬਰੀ ਪਾਣੀ ਛੱਡਣ ਦੀ ਨੀਤੀ ਦੀ ਨਿਖੇਧੀ ਕੀਤੀ ਅਤੇ ਇਹ ਮਸਲਾ ਦੋਵੇਂ ਰਾਜਾਂ ਦੀਆਂ ਲੋੜਾਂ ਮੁਤਾਬਕ ਉਸਾਰੂ ਆਪਸੀ ਸਹਿਮਤੀ ਨਾਲ ਨਜਿੱਠਣ ਦੀ ਮੰਗ ਕੀਤੀ ਗਈ, ਪਹਿਲਗਾਮ ਵਿੱਚ ਮਾਰੇ ਗਏ 26 ਸੈਲਾਨੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਕੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਗਈ, ਮੋਦੀ ਹਕੂਮਤ ਵੱਲੋਂ ਅੰਨ੍ਹਾ ਜਾਨੂੰਨ ਭੜਕਾ ਕੇ ਭਰਾ ਮਾਰ ਜੰਗ ਦੀ ਭੱਠੀ ਵਿੱਚ ਝੋਕਣ ਦੀਆਂ ਸਾਜ਼ਿਸ਼ਾਂ ਤੋਂ ਖ਼ਬਰਦਾਰ ਕੀਤਾ ਗਿਆ, ਇਜ਼ਰਾਈਲੀ ਹਾਕਮਾਂ ਵੱਲੋਂ ਫਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਬੰਦ ਕਰਨ ਦੀ ਮੰਗ ਕੀਤੀ ਗਈ, ਜਾਨਹੂਲਵੇਂ ਸੰਘਰਸ਼ਾਂ ਰਾਹੀਂ ਹਾਸਲ ਕੀਤੇ 44 ਕਿਰਤ ਕਾਨੂੰਨਾਂ ਦਾ ਭੋਗ ਪਾਕੇ 4 ਕੋਡਾਂ ਵਿੱਚ ਤਬਦੀਲ ਕਰਨ ਖਿਲਾਫ਼ 20 ਮਈ ਨੂੰ ਮੁਲਕ ਪੱਧਰੀ ਹੜਤਾਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਅਤੇ ਜੰਗਬਾਜ਼ਾਂ ਖਿਲਾਫ਼ ਐੱਸਕੇਐੱਮ ਵੱਲੋਂ 14 ਮਈ ਨੂੰ ਕੀਤੇ ਜਾ ਰਹੇ ਅਮਨ ਮਾਰਚ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਗਿਆ। 

ਇਸ ਮੌਕੇ ਅਜਮੇਰ ਸਿੰਘ ਅਕਲੀਆ ਅਤੇ ਹਾਕਮ ਸਿੰਘ ਨੂਰ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਮੁਖਤਿਆਰ ਸਿੰਘ ਸ਼ੇਰਪੁਰ, ਸੁਖਦੇਵ ਸਿੰਘ ਪ੍ਰਧਾਨ ਧੂਰੀ ਅਤੇ ਅਮਰਜੀਤ ਅਮਨ ਸਕੱਤਰ ਧੂਰੀ ਸਰਕਲ ਕਮੇਟੀ ਬਰਨਾਲਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।