ਮੋਹਾਲੀ, 14 ਮਈ, ਦੇਸ਼ ਕਲਿੱਕ ਬਿਓਰੋ :
ਸੀਬੀਐਸਈ ਬੋਰਡ ਵੱਲੋਂ ਦੇਸ਼ ਭਰ ਵਿਚ ਬੀਤੀ ਕੱਲ੍ਹ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਪਾਸ ਪ੍ਰਤੀਸ਼ਸਤਾ 88.39% ਰਹੀ। ਇਸ ਦੌਰਾਨ ਐਸ.ਐਸ.ਆਈ.ਸੀ.ਐਸ. ਸਕੂਲ, ਮੋਹਾਲੀ ਦੇ ਹੋਣਹਾਰ ਵਿਦਿਆਰਥੀ ਕੁਨਾਲ ਸੂਦ ਨੇ ਹਿਊਮੈਨਟੀਜ਼ ਗਰੁੱਪ ਵਿਚ 96.6% (483/500) ਅੰਕ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਇਲਾਕੇ ਭਰ ਵਿਚ ਰੌਸ਼ਨ ਕੀਤਾ ਹੈ। ਕੁਨਾਲ ਨੇ ਸਕੂਲ ਦਾ ਹੈੱਡ ਬੁਆਏ ਹੋਣ ਦੇ ਨਾਲ ਨਾਲ, ਸਾਰਿਆਂ ਵਿਸ਼ਿਆਂ ਵਿਚ ਟੌਪ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੁਨਾਲ ਨੇ ਇਹ ਪੁਜ਼ੀਸ਼ਨ ਬਿਨਾਂ ਕੋਈ ਟਿਊਸ਼ਨ ਲਏ ਹਾਸਲ ਕੀਤੀ ਹੈ ਅਤੇ ਨਾਲ ਹੀ ਆਪਣੀ ਪੜ੍ਹਾਈ ਦਾ ਖਰਚਾ ਖ਼ੁਦ ਉਠਾਉਂਦਿਆਂ, 6ਵੀਂ ਤੋ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦਾ ਰਿਹਾ ਹੈ। ਕੁਨਾਲ ਨੂੰ ਸਮਾਜ ਸੇਵਾ ਵਿਚ ਵੀ ਬਹੁਤ ਰੁਚੀ ਹੈ। ਜਦੋਂ ਕੁਨਾਲ ਸੂਦ ਨੂੰ ਉਸਦੇ ਭਵਿੱਖੀ ਯੋਜਨਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸਦਾ ਅਗਲਾ ਟੀਚਾ ਸਿਵਿਲ ਸਰਵਿਸ ਵਿਚ ਜਾਣਾ ਹੈ ਅਤੇ ਉਹ ਆਪਣੇ ਤੇ ਮਾਤਾ-ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦਾ ਹੈ।
ਦੱਸਣਯੋਗ ਹੈ ਕਿ ਕੁਨਾਲ ਸੂਦ ਦੇ ਪਿਤਾ ਸਬ ਇੰਸਪੈਕਟਰ ਨਰਿੰਦਰ ਸੂਦ, ਪੰਜਾਬ ਪੁਲਿਸ ਵਿਚ ਰੀਡਰ ਵਜੋਂ ਡੀਆਈਜੀ ਲੁਧਿਆਣਾ ਰੇਂਜ ਵਿਚ ਤਾਇਨਾਤ ਹਨ ਅਤੇ ਮਾਤਾ ਨਵਨੀਨ ਸੂਦ ਘਰੇਲੂ ਔਰਤ ਹਨ। ਉਹਨਾਂ ਕਿਹਾ ਕਿ ਸਾਨੂੰ ਆਪਣੇ ਪੁੱਤਰ ਉਤੇ ਬਹੁਤ ਮਾਣ ਹੈ, ਜਿਸ ਨੇ ਇਕ ਮੱਧਵਰਗੀ ਪਰਿਵਾਰ ਵਿਚ ਰਹਿ ਕੇ ਸਾਡਾ ਅਤੇ ਆਪਣਾ ਨਾਮ ਰੌਸ਼ਨ ਕੀਤਾ ਹੈ।

ਕੁਨਾਲ ਸੂਦ ਨੇ 12ਵੀਂ ‘ਚ 96.6 ਫੀਸਦੀ ਅੰਕ ਲੈ ਕੇ ਸਕੂਲ-ਮਾਪਿਆਂ ਦਾ ਨਾਮ ਰੌਸ਼ਨ ਕੀਤਾ
Published on: May 14, 2025 11:30 am