ਉੱਤਰੀ ਜ਼ੋਨ ਜਲੰਧਰ ‘ਚ ਬਿਜਲੀ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਮਿਲਿਆ : ਈ.ਟੀ.ਓ.

ਪੰਜਾਬ

ਚੰਡੀਗੜ੍ਹ, 15 ਮਈ, 2025, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਤੇ ਦੂਰਦਰਸ਼ੀ ਅਗਵਾਈ ਹੇਠ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਸੂਬੇ ਭਰ ਵਿੱਚ ਬਿਜਲੀ ਸੈਕਟਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਵਿਸਥਾਰ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕਰ ਰਿਹਾ ਹੈ। ਉੱਤਰੀ ਜ਼ੋਨ ਵਿੱਚ ਸਾਲ 2024-25 ਦੌਰਾਨ ਬਿਜਲੀ ਸਪਲਾਈ, ਸਮਰੱਥਾ ਵਧਾਉਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਮਹੱਤਵਪੂਰਨ ਸੁਧਾਰ ਹੋਏ ਹਨ।

ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਉੱਤਰੀ ਜ਼ੋਨ ਵਿੱਚ ਚਾਰ ਜ਼ਿਲ੍ਹਿਆਂ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ ਨੂੰ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ, ਇਸ ਜ਼ੋਨ ਵਿੱਚ 400 ਕੇ.ਵੀ. ਦੇ 2 ਸਬ-ਸਟੇਸ਼ਨ, 220 ਕੇ.ਵੀ. ਦੇ 15 ਸਬ-ਸਟੇਸ਼ਨ ਅਤੇ 132 ਕੇ.ਵੀ. ਦੇ 19 ਸਬ-ਸਟੇਸ਼ਨ ਹਨ। ਇਸ ਤੋਂ ਇਲਾਵਾ, 3886.5 ਐਮ.ਵੀ.ਏ. ਦੀ ਸੰਚਤ ਸਮਰੱਥਾ ਵਾਲੇ 66 ਕੇ.ਵੀ. ਦੇ 128 ਸਬ-ਸਟੇਸ਼ਨ ਹਨ।

ਇਹ ਜ਼ੋਨ 1555.091 ਸਰਕਟ ਕਿਲੋਮੀਟਰ (ਸੀ.ਕੇ.ਟੀ. ਕੇ.ਐਮ.) ਨੂੰ ਕਵਰ ਕਰਨ ਵਾਲੀਆਂ 66 ਕੇ.ਵੀ. ਦੀਆਂ 179 ਲਾਈਨਾਂ ਅਤੇ 2.7 ਸੀ.ਕੇ.ਟੀ. ਕੇ.ਐਮ. ਵਿੱਚ ਫੈਲੀਆਂ 33 ਕੇ.ਵੀ. ਦੀਆਂ 3 ਲਾਈਨਾਂ ਦਾ ਵੀ ਰੱਖ-ਰਖਾਵ ਕਰਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਲ 2024-25 ਦੌਰਾਨ, 11 ਕੇ.ਵੀ. ਦੇ 2059 ਫੀਡਰਾਂ ਰਾਹੀਂ ਕੁੱਲ 22,42,638 ਖਪਤਕਾਰਾਂ ਨੂੰ ਬਿਜਲੀ ਸਪਲਾਈ ਕੀਤੀ ਗਈ। ਇਨ੍ਹਾਂ ਵਿੱਚੋਂ, 57 ਫੀਡਰਾਂ ਨੂੰ ਭਰੋਸੇਯੋਗਤਾ ਵਧਾਉਣ ਅਤੇ ਓਵਰਲੋਡਿੰਗ ਨਾਲ ਨਜਿੱਠਣ ਲਈ ਡੀ-ਲੋਡ ਕੀਤਾ ਗਿਆ ਸੀ। ਇਸ ਜੀ.ਈ.ਐਨ. (ਜਨਰਲ ਇਲੈਕਟ੍ਰੀਕਲ ਨੈੱਟਵਰਕ) ਅਧੀਨ ਐਚ.ਟੀ. (ਹਾਈ ਟੈਂਸ਼ਨ) ਲਾਈਨਾਂ ਦੀ ਲੰਬਾਈ ਹੁਣ 36,196.45 ਕਿਲੋਮੀਟਰ ਹੈ, ਜੋ ਪਿਛਲੇ ਸਾਲ (2023-24) ਦੇ ਮੁਕਾਬਲੇ 313.83 ਕਿਲੋਮੀਟਰ ਵੱਧ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਬਿਜਲੀ ਵੰਡ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ, ਜ਼ੋਨ ਭਰ ਵਿੱਚ 1,58,043 ਟ੍ਰਾਂਸਫਾਰਮਰ ਲਗਾਏ ਗਏ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ 6427.174 ਐਮ.ਵੀ.ਏ. ਹੈ ਜੋ ਕਿ ਪਿਛਲੇ ਸਾਲ ਨਾਲੋਂ 177.64 ਐਮ.ਵੀ.ਏ. ਸਮਰੱਥਾ ਵਾਲੇ 3020 ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰਾਂ ਦਾ ਵਾਧਾ ਦਰਸਾਉਂਦੀ ਹੈ। ਐਲ.ਟੀ. (ਲੋਅ ਟੈਂਸ਼ਨ) ਲਾਈਨਾਂ ਦੀ ਲੰਬਾਈ ਹੁਣ 29,686.31 ਕਿਲੋਮੀਟਰ ਹੈ, ਜੋ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਬਿਜਲੀ ਸਪਲਾਈ ਦੀ ਸੁਚੱਜੀ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ।

ਅਪਗ੍ਰੇਡੇਸ਼ਨ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਇਸ ਜ਼ੋਨ ਅਧੀਨ ਵੱਖ-ਵੱਖ 66 ਕੇ.ਵੀ. ਸਬਸਟੇਸ਼ਨਾਂ ਵਿੱਚ 2 ਬਿਜਲੀ ਟ੍ਰਾਂਸਫਾਰਮਰਾਂ ਦੀ ਸਮਰੱਥਾ 6.3/8.0 ਐਮ.ਵੀ.ਏ. ਤੋਂ 12.5 ਐਮ.ਵੀ.ਏ. ਵਧਾਈ ਗਈ ਹੈ ਜਦਕਿ 4 ਟ੍ਰਾਂਸਫਾਰਮਰਾਂ ਦੀ ਸਮਰੱਥਾ 10/12.5 ਐਮ.ਵੀ.ਏ. ਤੋਂ 20 ਐਮ.ਵੀ.ਏ., ਅਤੇ 11 ਟ੍ਰਾਂਸਫਾਰਮਰਾਂ ਦੀ ਸਮਰੱਥਾ 20 ਐਮ.ਵੀ.ਏ. ਤੋਂ 31.5 ਐਮ.ਵੀ.ਏ. ਤੱਕ ਵਧਾਈ ਗਈ ਹੈ। ਇਸ ਤੋਂ ਇਲਾਵਾ, ਬਿਜਲੀ ਵੰਡ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ 1 ਨਵਾਂ 66 ਕੇ.ਵੀ. ਸਬਸਟੇਸ਼ਨ ਬਣਾਇਆ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (ਆਰ.ਡੀ.ਐਸ.ਐਸ.) ਤਹਿਤ, ਉੱਤਰੀ ਜ਼ੋਨ ਲਈ 844.81 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਇਸ ਵੰਡ ਵਿੱਚ 11 ਕੇ.ਵੀ. ਫੀਡਰਾਂ ਦੇ 109 ਬਾਇ-ਕੁਨੈਕਸ਼ਨ, ਕੇਬਲਿੰਗ ਦੇ 150 ਕਾਰਜ, 150 ਉੱਚ-ਸਮਰੱਥਾ ਵਾਲੇ ਕੰਡਕਟਰਾਂ ਨੂੰ ਅੱਪਗ੍ਰੇਡ ਕਰਨ, ਵੰਡ ਸਮਰੱਥਾ ਵਧਾਉਣ ਲਈ 182 ਨਵੇਂ ਟ੍ਰਾਂਸਫਾਰਮਰ, 4 ਨਵੇਂ ਸਬ-ਸਟੇਸ਼ਨਾਂ ਦਾ ਨਿਰਮਾਣ ਅਤੇ 21 ਨਵੀਆਂ ਵੰਡ ਲਾਈਨਾਂ ਸਥਾਪਤ ਕਰਨਾ ਸ਼ਾਮਲ ਹੈ।

ਬਿਜਲੀ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਬਿਜਲੀ ਸਪਲਾਈ ਦੀ ਗੁਣਵੱਤਾ ਅਤੇ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਹੋਣ ਅਤੇ ਟ੍ਰਿਪਿੰਗ ਅਤੇ ਕਟੌਤੀ ਦੀਆਂ ਘਟਨਾਵਾਂ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।