ਪੰਚਾਇਤ ਮੰਤਰੀ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ਬਜਟ ਵਿੱਚ ਐਲਾਨੇ ਕਾਰਜਾਂ ਦੀ ਪ੍ਰਗਤੀ ਦਾ ਕੀਤਾ ਨਿਰੀਖਣ

Published on: May 15, 2025 7:55 pm

ਪੰਜਾਬ

ਸੌਂਦ ਵੱਲੋਂ ਛੱਪੜਾਂ ਦੀ ਸਫਾਈ ਅਤੇ ਖੇਡ ਮੈਦਾਨਾਂ ਦੇ ਨਵੀਨੀਕਰਨ ਦਾ ਨਿਰੀਖਣ ਕਰਨ ਲਈ ਪਟਿਆਲਾ ਦੇ ਪਿੰਡਾਂ ਦਾ ਦੌਰਾ, ਊਣਤਾਈਆਂ ਦੂਰ ਕਰਨ ਦੇ ਦਿੱਤੇ ਹੁਕਮ

ਖਿਜਰਗੜ੍ਹ (ਬਨੂੜ)/ਚੰਡੀਗੜ੍ਹ, 15 ਮਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੀ ਨੁਹਾਰ ਤੇ ਮੂੰਹ ਮੁਹਾਂਦਰਾ ਸੰਵਾਰਨ ਵਿੱਚ ਇੱਕ ਨਵਾਂ ਅਧਿਆਏ ਲਿਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਲਈ ਕੀਤੇ ‘ਆਪ ਸਰਕਾਰ’ ਦੇ ਕੰਮਾਂ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ। ਸੌਂਦ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਦੇ 15000 ਛੱਪੜਾਂ ਦੀ ਸਾਫ-ਸਫਾਈ ਤੇ 13000 ਪੇਂਡੂ ਖੇਡ ਮੈਦਾਨਾਂ ਦੀ ਸ਼ਾਨਦਾਰ ਪਹਿਲਕਦਮੀ ਨਾਲ ਪਿੰਡਾਂ ਦੀ ਕਾਇਆ ਕਲਪ ਹੋਵੇਗੀ ਤੇ ਪਿੰਡ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਣ ਨਾ ਤਾਂ ਪਿੰਡਾਂ ਦੇ ਨੌਜਵਾਨਾਂ ਲਈ ਖੇਡ ਮੈਦਾਨਾਂ ਵੱਲ ਕੋਈ ਧਿਆਨ ਦਿੱਤਾ ਗਿਆ ਤੇ ਨਾ ਹੀ ਛੱਪੜਾਂ ਦੀ ਸਾਫ ਸਫਾਈ ਦੀ ਸਾਰ ਲਈ ਗਈ।

ਰਾਜਪੁਰਾ ਬਲਾਕ ਦੇ ਪਿੰਡ ਖਿਜਰਗੜ੍ਹ (ਬਨੂੜ) ਵਿਖੇ ਵਿਧਾਇਕਾ ਨੀਨਾ ਮਿੱਤਲ ਨਾਲ ਪੇਂਡੂ ਖੇਡ ਮੈਦਾਨ ਦਾ ਮੁਆਇਨਾ ਕਰਨ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੌਂਦ ਨੇ ਕਿਹਾ ਕਿ ਹਰੇਕ ਪਿੰਡ ਲਈ ਦੋ ਸਥਾਨ ਬਹੁਤ ਖਾਸ ਹੁੰਦੇ ਹਨ। ਇੱਕ ਪਿੰਡ ਦਾ ਖੇਡ ਮੈਦਾਨ ਅਤੇ ਦੂਜਾ ਪਿੰਡ ਦਾ ਛੱਪੜ। ਇਨ੍ਹਾਂ ਦੋਹਾਂ ਤੋਂ ਪਿੰਡ ਦੀ ਖੁਸ਼ਹਾਲੀ ਤੇ ਪਿੰਡ ਦੀ ਜਵਾਨੀ ਬਾਰੇ ਪਤਾ ਚੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਉਣ ਜਾਂ ਮੌਜੂਦਾ ਖੇਡ ਮੈਦਾਨ ਨੂੰ ਅੱਪਗ੍ਰੇਡ ਕਰਨ ਦਾ ਟੀਚਾ ਮਿੱਥਿਆ ਹੈ ਅਤੇ ਸਾਰੇ ਪੰਜਾਬ ਦੇ ਛੱਪੜਾਂ ਦੀ ਸਫਾਈ ਦਾ ਬੀੜਾ ਚੁੱਕਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਪੇਂਡੂ ਪੁਨਰ ਸੁਰਜੀਤੀ ਮਿਸ਼ਨ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਸੂਬੇ ਭਰ ਦੇ ਪਿੰਡਾਂ ਵਿੱਚ 13000 ਤੋਂ ਵੱਧ ਖੇਡ ਮੈਦਾਨ ਬਣਾਉਣ ਜਾਂ ਅੱਪਗ੍ਰੇਡ ਕਰ ਰਹੀ ਹੈ। ਇਹ ਇੱਕ ਅਜਿਹਾ ਕਦਮ ਹੈ ਜੋ ਪਿੰਡਾਂ ‘ਚ ਵੱਸਦੇ ਨੌਜਵਾਨਾਂ ਦੇ ਭਵਿੱਖ ਪ੍ਰਤੀ ਸਰਕਾਰ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਖੇਡ ਮੈਦਾਨ ਸਰਕਾਰ ਦੇ ‘ਨਸ਼ਾ-ਮੁਕਤ ਪੰਜਾਬ’ ਦੇ ਦ੍ਰਿਸ਼ਟੀਕੋਣ ਨਾਲ ਸਿੱਧੇ ਤੌਰ ਉੱਤੇ ਜੁੜਕੇ, ਨੌਜਵਾਨਾਂ ਦੀ ਸ਼ਮੂਲੀਅਤ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਰੋਕਥਾਮ ਵਿੱਚ ਅਹਿਮ ਭੂਮਿਕਾ ਅਦਾ ਕਰਨਗੇ। ਉਨ੍ਹਾਂ ਦੱਸਿਆ ਕਿ ਪੇਂਡੂ ਖੇਡ ਮੈਦਾਨਾਂ ਦੀ ਸਕੀਮ ਸਾਰੇ 154 ਬਲਾਕਾਂ ਵਿੱਚ ਲਾਗੂ ਕੀਤੀ ਜਾ ਰਹੀ ਹੈ। ਪਿੰਡਾਂ ਦੀ ਨੁਹਾਰ ਬਦਲਣ ਲਈ 3,500 ਕਰੋੜ ਰੁਪਏ ਦੇ ਬਜਟ ਫੰਡਾਂ ਦੀ ਵਰਤੋਂ ਦੇ ਨਾਲ ਨਾਲ ਮਨਰੇਗਾ ਅਤੇ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਵਰਗੀਆਂ ਸਕੀਮਾਂ ਦੀ ਵਰਤੋਂ ਕੀਤੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਭਰ ਵਿੱਚ 3,000 ਮਾਡਲ ਖੇਡ ਦੇ ਮੈਦਾਨ ਬਣਾਏ ਜਾ ਰਹੇ ਹਨ ਜਿਸ ਵਿੱਚ ਸਥਾਨਕ ਤੌਰ ‘ਤੇ ਪ੍ਰਸਿੱਧ ਖੇਡਾਂ ਨੂੰ ਉਤਸ਼ਾਹਿਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬੇ ਵਿਚਲੇ 4300 ਮੌਜੂਦਾ ਖੇਡ ਮੈਦਾਨਾਂ ਨੂੰ ਵੀ ਅੱਪਗ੍ਰੇਡ ਕੀਤਾ ਜਾ ਰਿਹਾ ਹੈ ਤੇ ਕਈ ਪਿੰਡਾਂ ਵਿੱਚ ਨਵੇਂ ਖੇਡ ਮੈਦਾਨਾਂ ਦੀ ਉਸਾਰੀ ਜਾਰੀ ਹੈ। ਉਨ੍ਹਾਂ ਇਸ ਗੱਲ ‘ਤੇ ਚਿੰਤਾ ਜਤਾਈ ਕਿ ਬਹੁਤ ਸਾਰੇ ਪੇਂਡੂ ਬੱਚੇ ਖੇਡ ਦੇ ਮੈਦਾਨਾਂ ਜਾਂ ਖੇਡ ਸਹੂਲਤਾਂ ਤੱਕ ਪਹੁੰਚ ਤੋਂ ਬਿਨਾਂ ਵੱਡੇ ਹੁੰਦੇ ਹਨ। ਚੰਗੀ ਤਰ੍ਹਾਂ ਲੈਸ, ਸੁਰੱਖਿਅਤ ਅਤੇ ਹਰੇ ਭਰੇ ਖੇਡ ਦੇ ਮੈਦਾਨ ਬਣਾ ਕੇ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਬੱਚੇ ਨੂੰ, ਹਰ ਪਿੰਡ ਵਿੱਚ, ਖੇਡਣ, ਮੁਕਾਬਲਾ ਕਰਨ ਅਤੇ ਅੱਗੇ ਵਧਣ ਦਾ ਮੌਕਾ ਮਿਲੇ।

ਬਾਅਦ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਨੇ ਅਜੀਜਪੁਰ, ਫਰੀਦਪੁਰ ਗੁੱਜਰਾਂ, ਭਟੇੜੀ, ਨਲਾਸ ਖੁਰਦ ਅਤੇ ਮਾਣਕਪੁਰ ਪਿੰਡਾਂ ਦੇ ਖੇਡ ਮੈਦਾਨਾਂ ਤੇ ਛੱਪੜਾਂ ਦੀ ਸਾਫ ਸਫਾਈ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਅਜੀਜਪੁਰ ਸਟੇਡੀਅਮ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਕੁਝ ਊਣਤਾਈਆਂ ਦਾ ਗੰਭੀਰ ਨੋਟਿਸ ਲਿਆ ਤੇ ਏਡੀਸੀ ਪਟਿਆਲਾ ਨੂੰ ਇਸ ਦੀ ਰਿਪਰੋਟ ਦੇਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 15,000 ਪਿੰਡਾਂ ਦੇ ਛੱਪੜਾਂ ਦੀ ਮੁੜ ਸੁਰਜੀਤੀ ਪੇਂਡੂ ਤਬਦੀਲੀ ਵਿੱਚ ਇੱਕ ਨਵਾਂ ਅਧਿਆਏ ਜੋੜੇਗੀ। ਪੰਜਾਬ ਸਰਕਾਰ ਨੇ 15,000 ਤੋਂ ਵੱਧ ਪਿੰਡਾਂ ਦੇ ਛੱਪੜਾਂ ਨੂੰ ਸਾਫ਼ ਕਰਨ, ਮੁੜ ਸੁਰਜੀਤ ਕਰਨ ਅਤੇ ਪਾਣੀ ਟ੍ਰੀਟ ਕਰਨ ਲਈ ਆਪਣੀ ਕਿਸਮ ਦਾ ਪਹਿਲਾ ਮਿਸ਼ਨ ਸ਼ੁਰੂ ਕੀਤਾ ਹੈ। ਇਹ ਮਿਸ਼ਨ ਪੰਜਾਬ ਦੇ 154 ਬਲਾਕਾਂ ਵਿੱਚ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਫੀਲਡ ਰਿਪੋਰਟਾਂ ਅਨੁਸਾਰ 1,587 ਛੱਪੜਾਂ ਵਿੱਚ ਪਾਣੀ ਕੱਢਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ 4,408 ਛੱਪੜਾਂ ਵਿੱਚ ਕੰਮ ਚੱਲ ਰਿਹਾ ਹੈ। ਸਾਰੇ ਛੱਪੜਾਂ ਵਿੱਚ ਪਾਣੀ ਕੱਢਣ ਦਾ ਕੰਮ 30 ਮਈ, 2025 ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 515 ਤੋਂ ਵੱਧ ਛੱਪੜਾਂ ਵਿੱਚ ਗਾਰ ਕੱਢਣ ਦਾ ਕੰਮ ਵੀ ਪੂਰਾ ਹੋ ਗਿਆ ਹੈ ਅਤੇ 1901 ਛੱਪੜਾਂ ਵਿੱਚ ਇਹ ਕੰਮ ਚੱਲ ਰਿਹਾ ਹੈ। ਸੌਂਦ ਨੇ ਕਿਹਾ ਕਿ ਵਿੱਤੀ ਸਾਲ 2025-26 ਦੇ ਪਹਿਲੇ ਪੜਾਅ ਵਿੱਚ 5000 ਥਾਪਰ/ਸੀਚੇਵਾਲ ਮਾਡਲ ਬਣਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਛੱਪੜਾਂ ਦੀ ਸਫਾਈ ਦਾ ਕੰਮ ਸਿਰਫ਼ ਇੱਕ ਸਫਾਈ ਪ੍ਰੋਜੈਕਟ ਨਹੀਂ ਹੈ। ਇਹ ਪਿੰਡਾਂ ਦੇ ਜੀਵਨ ਵਿੱਚ ਮਾਣ-ਸਨਮਾਨ ਵਾਪਸ ਲਿਆਉਣ ਲਈ ਇੱਕ ਲਹਿਰ ਹੈ। ਬਹੁਤ ਸਮੇਂ ਤੋਂ ਪਿੰਡਾਂ ਦੇ ਛੱਪੜ ਡੰਪਿੰਗ ਗਰਾਊਂਡ ਬਣ ਗਏ ਸਨ ਜੋ ਕਿ ਗੰਦੇ ਅਤੇ ਬਦਬੂਦਾਰ ਸਨ। ਰਹਿੰਦ-ਖੂੰਹਦ, ਪਲਾਸਟਿਕ ਅਤੇ ਜੰਗਲੀ ਬੂਟੀ ਦੇ ਇਕੱਠੇ ਹੋਣ ਕਾਰਨ, ਛੱਪੜਾਂ ਦਾ ਪਾਣੀ ਪਸ਼ੂਆਂ ਲਈ ਅਯੋਗ ਹੋ ਗਿਆ ਸੀ, ਮੱਛਰਾਂ ਲਈ ਪ੍ਰਜਨਨ ਸਥਾਨ ਸੀ, ਅਤੇ ਖੇਤੀ ਲਈ ਵਰਤਿਆ ਨਹੀਂ ਜਾ ਸਕਦਾ ਸੀ। ਹੁਣ ਇਹ ਸਾਫ਼ ਜਲ ਸਰੋਤਾਂ ਵਿੱਚ ਬਦਲ ਰਹੇ ਹਨ ਜਿਸ ਦੀ ਵਰਤੋਂ ਖੇਤੀਬਾੜੀ ਲਈ ਕੀਤੀ ਜਾਵੇਗੀ। ਛੱਪੜਾਂ ਦੀ ਸਫਾਈ ਨਾਲ ਪਿੰਡਾਂ ਦੇ ਵਸਨੀਕਾਂ ਦੇ ਮਾਣ ਸਨਮਾਨ ਵਿੱਚ ਵੀ ਵਾਧਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਦਹਾਕਿਆਂ ਵਿੱਚ ਪਹਿਲੀ ਵਾਰ ਪੰਜਾਬ ਦੇ ਸਾਰੇ ਛੱਪੜਾਂ ਵਿੱਚ ਵੱਡੇ ਪੱਧਰ ‘ਤੇ ਡੀ-ਵਾਟਰਿੰਗ ਅਤੇ ਡੀ-ਸਿਲਟਿੰਗ ਕੀਤੀ ਜਾ ਰਹੀ ਹੈ ਜਿਸ ਨਾਲ ਗੰਦੇ ਪਾਣੀ ਨੂੰ ਸਾਫ਼ ਕਰਕੇ ਪਾਣੀ ਦੀ ਸਟੋਰੇਜ ਸਮਰੱਥਾ ਅਤੇ ਕੁਦਰਤੀ ਵਹਾਅ ਨੂੰ ਮਹੱਤਵਪੂਰਨ ਢੰਗ ਨਾਲ ਵਧਾਇਆ ਜਾ ਰਿਹਾ ਹੈ।  

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।