ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 15 ਮਈ, 2025: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਨੇ ਫਾਜ਼ਿਲਕਾ ਜਿਲ੍ਹੇ ਦੇ ਅਬੋਹਰ ਨੇੜਲੇ ਸੀਡ ਫਾਰਮ ਦੇ ਆਬਾਦਕਾਰਾਂ ਨੂੰ ਨਿਆਂ ਦਿਵਾਉਣ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਤੇ ਬੀਬੀਆਂ ਨੂੰ ਪੁਲਸ ਵਲੋਂ ਸੂਬਾ ਸਰਕਾਰ ਦੇ ਹੁਕਮਾਂ ਤਹਿਤ ਗ੍ਰਿਫ਼ਤਾਰ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਜਿਕਰਯੋਗ ਹੈ ਕਿ ਇਲਾਕੇ ਦੇ ਇਨਸਾਫ ਪਸੰਦ ਲੋਕ, ਜਮਹੂਰੀ ਜਨਤਕ ਸੰਗਠਨਾਂ ਦੀ ਅਗਵਾਈ ਹੇਠ ਭਰਤ ਮਾਲਾ ਪ੍ਰਾਜੈਕਟ ਲਈ ਜ਼ਮੀਨ ਅਕੁਆਇਰ ਕਰਨ ਵਾਸਤੇ ਸੀਡ ਫਾਰਮ ਦੇ ਆਬਾਦਕਾਰਾਂ ਨੂੰ ਬਿਨਾਂ ਮੁਆਵਜ਼ਾ ਉਜਾੜੇ ਜਾਣ ਦੇ ਸੂਬਾ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਵਿਰੁੱਧ ਪਿਛਲੇ ਤਕਰੀਬਨ ਡੇਢ ਸਾਲ ਤੋਂ ਅਮਨ ਪੂਰਵਕ, ਬਾਜ਼ਾਬਤਾ ਸੰਘਰਸ਼ ਲੜੇ ਰਹੇ ਹਨ।
ਪੁਲਸ ਨੇ ਕੁਝ ਹਫਤੇ ਪਹਿਲਾਂ ਵੀ ਅੱਧੀ ਰਾਤ ਨੂੰ ਅਚਾਨਕ ਹਮਲਾ ਬੋਲ ਕੇ ਇਸ ਧੱਕੇਸ਼ਾਹੀ ਖਿਲਾਫ ਲੱਗੇ ਪੱਕੇ ਮੋਰਚੇ ਦਾ ਟੈਂਟ ਆਦਿ ਪੁੱਟ ਕੇ ਉੱਥੇ ਮੌਜੂਦ ਕਿਸਾਨਾਂ-ਮਜ਼ਦੂਰਾਂ ਨੂੰ ਫੜ੍ਹ ਲਿਆ ਸੀ।
ਪਾਰਟੀ ਆਗੂਆਂ ਨੇ ਗ੍ਰਿਫਤਾਰ ਲੋਕਾਂ ਨੂੰ ਫੌਰੀ ਰਿਹਾ ਕਰਨ ਅਤੇ ਹੱਕੀ ਘੋਲ ਲੜ ਰਹੇ ਲੋਕਾਂ ਦੀਆਂ ਵਾਜਬ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਹੈ।