ਮੋਹਾਲੀ ਹਲਕੇ ਦੀਆਂ ਸੜਕਾਂ ਦੀ ਹਾਲਤ ਖਸਤਾ, ਜੇ ਸੁਧਾਰ ਨਾ ਹੋਇਆ ਤਾਂ ਹੋਣਗੇ ਧਰਨੇ ਤੇ ਰੋਸ ਪ੍ਰਦਰਸ਼ਨ : ਕੁਲਜੀਤ ਬੇਦੀ

Punjab

ਮੋਹਾਲੀ: 15 ਮਈ, ਦੇਸ਼ ਕਲਿੱਕ ਬਿਓਰੋ

ਮੋਹਾਲੀ ਹਲਕੇ ਦੇ ਕਈ ਪਿੰਡਾਂ ਵਿੱਚ ਸੜਕਾਂ ਦੀ ਖਸਤਾਹਾਲ ਹਾਲਤ ਨੂੰ ਲੈ ਕੇ ਡਿਪਟੀ ਮੇਅਰ ਮੋਹਾਲੀ ਕੁਲਜੀਤ ਸਿੰਘ ਬੇਦੀ ਨੇ  ਇਸ ਇਲਾਕੇ ਦੇ ਲੋਕਾਂ ਨਾਲ ਲੈ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਪੰਜਾਬ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਸੜਕਾਂ ਦੀ ਤਰਸਯੋਗ ਹਾਲਤ ਦਾ ਤੁਰੰਤ ਅਤੇ ਸਮਾਂਬੱਧ ਹੱਲ ਨਾ ਕੀਤਾ ਗਿਆ ਤਾਂ ਲੋਕ ਜਾਮ, ਧਰਨੇ ਅਤੇ ਰੋਸ ਪ੍ਰਦਰਸ਼ਨ ਕਰਨ ’ਤੇ ਮਜਬੂਰ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਹਾਲਾਤ ਇਹ ਬਣ ਗਏ ਹਨ ਕਿ ਵੱਡੀਆਂ ਗੱਡੀਆਂ ਤੇ ਕਰੋੜਾਂ ਦੀਆਂ ਜਮੀਨਾਂ ਵਾਲੇ ਲੋਕ ਵੀ ਕੱਚੇ ਅਤੇ ਟੋਇਆਂ ਨਾਲ ਭਰੇ ਹੋਏ ਰਾਹ ਤੋਂ ਜਾਣ ਲਈ ਮਜਬੂਰ ਹਨ। 

ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿੰਡ ਬੜੀ, ਮਟਰਾਂ, ਕੁਰੜੀ, ਕੁਰੜਾ, ਸੇਖਣ ਮਾਜਰਾ ਸਮੇਤ ਕਈ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਬੇਹੱਦ ਖਰਾਬ ਹੈ। ਸੜਕਾਂ ਉੱਤੇ ਖੱਡੇ ਤੇ ਚਿੱਕੜ ਕਾਰਨ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ, ਖਾਸ ਕਰਕੇ ਬਜ਼ੁਰਗਾਂ, ਬੀਮਾਰ ਲੋਕਾਂ ਅਤੇ ਗਰਭਵਤੀ ਮਹਿਲਾਵਾਂ ਲਈ। ਉਹਨਾਂ ਕਿਹਾ ਕਿ ਇਹ ਇਲਾਕਾ ਗਮਾਡਾ ਦੇ ਮਾਸਟਰ ਪਲਾਨ ਵਿੱਚ ਆਉਂਦਾ ਹੋਣ ਦੇ ਬਾਵਜੂਦ ਵੀ ਲੋਕ ਆਪਣੇ ਹੀ ਘਰ ਤੱਕ ਪਹੁੰਚਣ ਲਈ ਟੋਏਆਂ ਵਿਚੋਂ ਲੰਘਣ ਨੂੰ ਮਜਬੂਰ ਹਨ।

ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਏਅਰੋਸਿਟੀ ਅਤੇ ਇੰਟਰਨੈਸ਼ਨਲ ਏਅਰਪੋਰਟ ਵਰਗੀਆਂ ਵੱਡੀਆਂ ਵਿਕਾਸ ਯੋਜਨਾਵਾਂ ਦੇ ਨੇੜਲੇ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਣਾ ਨਾਇੰਸਾਫ਼ੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਵਿਭਾਗ, ਮੰਡੀ ਬੋਰਡ ਜਾਂ ਗਮਾਡਾ ਮੰਡੀਆਂ ਤੇ ਰਿਹਾਇਸ਼ੀ ਜ਼ੋਨ ਵਰਗੀਆਂ ਏਜੰਸੀਆਂ ਨੂੰ ਪੇਂਡੂ ਇਲਾਕਿਆਂ ਦੀਆਂ ਜ਼ਰੂਰਤਾਂ ਨੂੰ ਵੀ ਤਰਜੀਹ ਦੇਣੀ ਚਾਹੀਦੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਮੁੱਖ ਸਕੱਤਰ ਪੰਜਾਬ ਨੂੰ ਚਿੱਠੀ ਲਿਖ ਕੇ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ  ਕੀਤੀ ਹੈ। ਬੇਦੀ ਨੇ ਆਖ਼ਿਰ ’ਚ ਕਿਹਾ ਕਿ ਇਹ ਕੋਈ ਆਮ ਮਸਲਾ ਨਹੀਂ, ਇਹ ਲੋਕਾਂ ਦੀ ਆਵਾਜਾਈ ਅਤੇ ਜੀਵਨ ਦੀ ਗੁਣਵੱਤਾ ਨਾਲ ਜੁੜਿਆ ਹੋਇਆ ਹੈ। ਜੇਕਰ ਸਰਕਾਰ ਨੇ ਤੁਰੰਤ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਵੇਗਾ ਜਿਸ ਲਈ ਸਰਕਾਰ ਜਿੰਮੇਵਾਰ ਹੋਵੇਗੀ।

ਉਨ੍ਹਾਂ ਨਾਲ ਸਾਬਕਾ ਸਰਪੰਚ ਸਵਰਨ ਸਿੰਘ, ਜਸਪਾਲ ਸਿੰਘ, ਨਰਿੰਦਰ ਕੁਮਾਰ, ਭੁਪਿੰਦਰ ਸਿੰਘ, ਜਸਵੀਰ ਸਿੰਘ, ਮੋਹਨ ਸਿੰਘ, ਗੁਰਮੀਤ ਸਿੰਘ ਸਿਆਣ ਸੀਨੀਅਰ ਕਾਂਗਰਸੀ ਆਗੂ ਅਤੇ ਹੋਰ ਪਿੰਡਾਂ ਦੇ ਨਿਵਾਸੀ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।