ਜਲਾਲਾਬਾਦ, 15 ਮਈ, ਦੇਸ਼ ਕਲਿੱਕ ਬਿਓਰੋ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਕਿਸਾਨਾਂ ਨੂੰ ਬਣਾ ਕੇ ਦਿੱਤੀ ਸੁਹੇਲੇ ਵਾਲਾ ਮਾਇਨਰ ਨਹਿਰ ਵਿਚ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਇਲਾਕੇ ਦੇ ਦਰਜਨ ਪਿੰਡਾਂ ਦੇ ਲੋਕਾਂ ਲਈ ਇਹ ਸੁਪਨੇ ਦੇ ਸੱਚ ਹੋਣ ਬਰਾਬਰ ਹੈ ਕਿਉਂਕਿ 40 ਸਾਲ ਤੋਂ ਅਟਕੇ ਪ੍ਰੋਜੈਕਟ ਨੂੰ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀਆਂ ਕੋਸ਼ਿਸਾਂ ਸਦਕਾ ਸਾਕਾਰ ਰੂਪ ਮਿਲਿਆ ਅਤੇ ਪੰਜਾਬ ਸਰਕਾਰ ਨੇ ਇਹ ਨਹਿਰ ਬਣਾਈ ਹੈ। ਇਲਾਕੇ ਦੇ ਕਿਸਾਨ ਲੱਡੂ ਵੰਡ ਕੇ ਇਹ ਖੁ਼ਸੀ ਮਨਾ ਰਹੇ ਹਨ ਅਤੇ ਸਰਕਾਰ ਅਤੇ ਵਿਧਾਇਕ ਦਾ ਧੰਨਵਾਦ ਕਰਦੇ ਥੱਕਦੇ ਨਹੀਂ।
ਨਹਿਰ ਵਿਚ ਪਾਣੀ ਦੀ ਸਪਲਾਈ ਸ਼ੁਰੂ ਹੋਣ ਤੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਜਲ ਸ਼੍ਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ ਇਸ ਨਹਿਰ ਦੇ ਨਿਰਮਾਣ ਤੇ 23.6 ਕਰੋੜ ਰੁਪਏ ਖਰਚ ਕੀਤੇ ਹਨ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਸੁਹੇਲੇ ਵਾਲਾ ਰਜਬਾਹਾ ਮੇਨ ਬਰਾਂਚ ਵਿੱਚੋਂ ਨਿਕਲਣ ਵਾਲੀ ਨਹਿਰ ਦੀ ਸਮਰੱਥਾ 36.35 ਕਿਊਸਿਕ ਹੈ । ਇਸ ਦੀ ਲੰਬਾਈ 13.96 ਕਿਲੋਮੀਟਰ ਹੈ। ਇਹ ਪ੍ਰੋਜੈਕਟ 40 ਸਾਲਾਂ ਤੋਂ ਅਟਕਿਆ ਪਿਆ ਸੀ ਅਤੇ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਦੀ ਇਸ ਵੱਡੀ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਸ ਨਹਿਰ ਦਾ ਨਿਰਮਾਣ ਮੁਕੰਮਲ ਕਰਵਾਇਆ ਹੈ। ਇਸ ਨਾਲ ਵੱਖ ਵੱਖ ਪਿੰਡਾਂ ਦੀ 5500 ਏਕੜ ਜਮੀਨ ਦੀ ਸਿੰਚਾਈ ਹੋਵੇਗੀ ਅਤੇ ਇਸ ਰਜਵਾਹੇ ਨਾਲ ਪਿੰਡ ਚੱਕ ਸੁਹੇਲੇ ਵਾਲਾ, ਚੱਕ ਜਾਨੀਸਰ, ਲੱਧੂ ਵਾਲਾ ਉਤਾੜ, ਚੱਕ ਢਾਬ ਖੁਸ਼ਹਾਲ ਜੋਹੀਆ, ਚੱਕ ਪੰਜ ਕੋਹੀ, ਚੱਕ ਕਬਰ ਵਾਲਾ, ਚੱਕ ਗੁਲਾਮ ਰਸੂਲ ਵਾਲਾ, ਚੱਕ ਬਲੋਚਾਂ ਅਤੇ ਬਾਹਮਣੀ ਵਾਲਾ ਦੇ ਕਿਸਾਨਾਂ ਨੂੰ ਪਾਣੀ ਮਿਲੇਗਾ । ਇਸ ਨਹਿਰ ਦੇ ਨਿਰਮਾਣ ਦੇ ਨਾਲ ਨਾਲ ਹੀ ਇਸ ਦੇ ਰਸਤੇ ਪੈਂਦੇ ਪੁਲਾਂ, ਸਾਈਫਨਾਂ, ਝਾਲਾਂ, ਹੈਡ ਰੈਗੂਲੇਟਰ ਅਤੇ ਨਹਿਰੀ ਖਾਲਿਆਂ ਦੀ ਕਰਾਸਿੰਗ ਉੱਪਰ ਅੰਡਰਗਰਾਊਂਡ ਪਾਈਪਲਾਈਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ ਟੇਲਾਂ ਤੱਕ ਪੂਰਾ ਪਾਣੀ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਉਨਾਂ ਆਖਿਆ ਕਿ ਜਦੋਂ ਖੇਤਾਂ ਤੱਕ ਨਹਿਰੀ ਪਾਣੀ ਪਹੁੰਚੇਗਾ ਤਾਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ।