ਮੋਹਾਲੀ, 15 ਮਈ : ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਸਿਹਤ ਵਿਭਾਗ ਨੇ ਲੋਕਾਂ ਨੂੰ ਤਿੱਖੀ ਗਰਮੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿਤੀ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਅਨਾਮਿਕਾ ਸੋਨੀ ਨੇ ਆਖਿਆ ਕਿ ਗਰਮੀ ਤੋਂ ਬਚਾਅ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ, ਜਿਵੇਂ ਸਾਦਾ ਪਾਣੀ, ਲੱਸੀ, ਨਿੰਬੂ ਪਾਣੀ, ਜੂਸ, ਨਾਰੀਅਲ ਦਾ ਪਾਣੀ, ਓ.ਆਰ.ਐਸ. ਦਾ ਘੋਲ ਆਦਿ। ਉਨ੍ਹਾਂ ਕਿਹਾ ਕਿ ਸਰੀਰ ਦਾ ਤਾਪਮਾਨ ਸਹੀ ਰੱਖਣ ਲਈ ਤਰਲ ਪਦਾਰਥਾਂ ਦਾ ਸੇਵਨ ਬਹੁਤ ਜ਼ਰੂਰੀ ਹੈ। ਗਰਮੀ ਕਾਰਨ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਸਰੀਰ ਅੰਦਰ ਪਾਣੀ ਦੀ ਘਾਟ ਪੈਦਾ ਹੋ ਸਕਦੀ ਹੈ, ਵਿਅਕਤੀ ਨੂੰ ਚੱਕਰ ਆ ਸਕਦੇ ਹਨ ਅਤੇ ੳੋੁਹ ਬੇਹੋਸ਼ ਹੋ ਕੇ ਡਿੱਗ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿਤੀ ਕਿ ਦੁਪਹਿਰ 12 ਵਜੇ ਤੋਂ 3 ਵਜੇ ਤਕ ਜਾਂ ਸਿਖਰ ਦੁਪਹਿਰੇ ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲਿਆ ਜਾਵੇ ਕਿਉਂਕਿ ਇਸ ਸਮੇਂ ਦੌਰਾਨ ਸੂਰਜੀ ਤਪਸ਼ ਬਹੁਤ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ, ਬੱਚਿਆਂ ਅਤੇ ਬਜ਼ੁਰਗਾਂ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ।
ਡਾ. ਜੈਨ ਨੇ ਕਿਹਾ ਕਿ ਗਰਮੀ ਅਤੇ ਲੂ ਦਾ ਅਸਰ ਨਵਜਨਮੇ ਬੱਚਿਆਂ, ਗਰਭਵਤੀ ਔਰਤਾਂ, ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਮਜ਼ਦੂਰਾਂ, ਕਿਸਾਨਾਂ, ਬੇਘਰੇ ਲੋਕਾਂ, ਸੜਕਾਂ-ਫ਼ੁੱਟਪਾਥ ਕੰਢਾਂ ਰਹਿਣ ਵਾਲੇ ਲੋਕਾਂ, ਮਾਨਸਿਕ ਜਾਂ ਸਰੀਰਕ ਬੀਮਾਰੀਆਂ ਤੋਂ ਪੀੜਤ ਲੋਕਾਂ ਖ਼ਾਸਕਰ ਦਿਲ ਦੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ, ਮੋਟਾਪੇ ਤੋਂ ਪੀੜਤ ਲੋਕਾਂ, ਖੁਲ੍ਹੇ ਵਿਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀਆਂ ਆਦਿ ’ਤੇ ਜ਼ਿਆਦਾ ਹੋ ਸਕਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਜੇ ਗਰਮੀ ਕਾਰਨ ਕੋਈ ਸਿਹਤ ਸਮੱਸਿਆ ਹੁੰਦੀ ਹੈ ਤਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਜਾ ਕੇ ਡਾਕਟਰ ਦੀ ਸਲਾਹ ਲਈ ਜਾ ਸਕਦੀ ਹੈ।
ਗਰਮੀ ਤੋਂ ਬਚਾਅ ਲਈ ਇਹ ਕਰੋ
ਅਪਣੇ ਘਰ ਨੂੰ ਠੰਢਾ ਰੱਖੋ। ਦਿਨ ਵੇਲੇ ਤਾਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਸਰੀਰ ਨੂੰ ਠੰਢਾ ਰੱਖੋ। ਹਲਕੇ ਰੰਗ ਦੇ ਕਪੜੇ ਪਾਉ। ਬਾਹਰ ਜਾਣ ’ਤੇ ਐਨਕ ਲਾਉ ਤੇ ਸਿਰ ਢੱਕ ਕੇ ਰੱਖੋ। ਜੇਕਰ ਬਾਹਰ ਹੋ ਤਾਂ ਬੈਠਣ ਲਈ ਠੰਢੀ ਥਾਂ ਲੱਭੋ ਜਿਵੇਂ ਰੁੱਖ ਜਾਂ ਹੋਰ ਛਾਂਦਾਰ ਥਾਂ। ਮੌਸਮੀ ਫੱਲ ਖਾਉ। ਨੰਗੇ ਪੈਰ ਬਾਹਰ ਨਾ ਜਾਉ। ਹਰ ਅੱਧੇ ਘੰਟੇ ਬਾਅਦ ਪਾਣੀ ਪੀਉ। ਧੁੱਪ ਵਿਚ ਜਾਣ ਵੇਲੇ ਪਾਣੀ ਨਾਲ ਲੈ ਕੇ ਜਾਉ।
ਇਹ ਨਾ ਕਰੋ
ਬੱਚਿਆਂ ਤੇ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿਚ ਨਾ ਛੱਡੋ। ਤਿੱਖੀ ਧੁੱਪ ਵਿਚ ਨਾ ਜਾਉ। ਸ਼ਰਾਬ, ਚਾਹ, ਕੌਫ਼ੀ ਆਦਿ ਤੋਂ ਪਰਹੇਜ਼ ਕਰੋ। ਬਾਸੀ ਖਾਣਾ ਨਾ ਖਾਉ। ਜਿੰਨਾ ਹੋ ਸਕੇ, ਸਖ਼ਤ ਸਰੀਰਕ ਸਰਗਰਮੀ ਤੋਂ ਬਚੋ। ਰਸੋਈ ਦੇ ਖੇਤਰ ਨੂੰ ਹਵਾਦਾਰ ਰੱਖੋ।