ਮੋਹਾਲੀ: 15 ਮਈ, ਜਸਵੀਰ ਗੋਸਲ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਪਿਛਲੀ ਇੱਕ ਸਦੀ ਤੋਂ ਘੜੂੰਆਂ ਅਤੇ ਇਸ ਦੇ ਨਾਲ਼ ਲੱਗਦੇ ਖੇਤਰ ਵਿੱਚ ਚਾਨਣ ਮੁਨਾਰੇ ਵਜੋਂ ਕਿਰਨਾਂ ਬਿਖੇਰ ਰਿਹਾ ਹੈ| ਇੱਥੇ ਮੈਡੀਕਲ, ਨਾਨ-ਮੈਡੀਕਲ ਤੇ ਆਰਟਸ ਦੀ ਸਿੱਖਿਆ ਸੀਨੀਅਰ ਸੈਕੰਡਰੀ ਪੱਧਰ ਤੇ ਦਿੱਤੀ ਜਾਂਦੀ ਹੈ| ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿੱਚ ਇਸ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਹੈ| ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਵੰਦਨਾ ਬਾਠਲਾ ਨੇ ਦੱਸਿਆ ਕਿ ਇਸ ਵਾਰ ਬਾਰ੍ਹਵੀਂ ਜਮਾਤ ਵਿੱਚ 102 ਵਿਦਿਆਰਥੀ ਸਨ ਜੋ ਸਾਰੇ ਦੇ ਸਾਰੇ ਪਹਿਲੇ ਦਰਜ਼ੇ ਵਿੱਚ ਪਾਸ ਹੋ ਗਏ ਹਨ | ਉਹਨਾਂ ਨੇ ਵਿਸਥਾਰ ਦਿੰਦਿਆਂ ਦੱਸਿਆ ਕਿ ਮੈਡੀਕਲ ਤੇ ਨਾਨ ਮੈਡੀਕਲ ਵਿੱਚ 26 ਵਿਦਿਆਰਥੀ ਸਨ ਜਿਨ੍ਹਾਂ ਵਿੱਚੋਂ 7 ਵਿਦਿਆਰਥੀਆਂ ਨੇ 90 ਫੀਸਦੀ ਤੇ 19 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਦਮਨਪ੍ਰੀਤ ਕੌਰ ਨੇ 94.8% ਲੈ ਕੇ ਪਹਿਲਾ, ਸ਼ਿਵ ਕੁਮਾਰ ਨੇ 93.6% ਲੈ ਕੇ ਦੂਜਾ ਅਤੇ ਭਵਨੇਸ਼ ਸ਼ੁਕਲਾ ਨੇ 93.4% ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ| ਇਸੇ ਤਰ੍ਹਾਂ ਹੀ ਆਰਟਸ ਵਿੱਚ 76 ਵਿਦਿਆਰਥੀ ਸਨ ਜੋ ਚੰਗੇ ਅੰਕ ਲੈ ਕੇ ਪਾਸ ਹੋਏ, ਇਹਨਾਂ ਵਿੱਚ ਮੁਸਕਾਨ ਨੇ 91% ਅੰਕ ਲੈ ਕੇ ਪਹਿਲਾ, ਕਰਨਦੀਪ ਸਿੰਘ ਨੇ 85% ਅੰਕ ਲੈ ਕੇ ਦੂਜਾ ਅਤੇ ਤੇਜਵੀਰ ਸਿੰਘ ਨੇ 84.2% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ|ਨਤੀਜਿਆ ਦੇ ਸੰਬੰਧ ਵਿੱਚ ਉਹਨਾਂ ਕਿਹਾ ਕਿ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈੰਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਸ੍ਰੀ ਮਤੀ ਗਿੰਨੀ ਦੁੱਗਲ ਦੀ ਅਗਵਾਈ ਵਿੱਚ ਮੇਰੇ ਸਟਾਫ਼ ਵੱਲੋਂ ਕੀਤੀ ਅਣਥੱਕ ਮਿਹਨਤ ਸਦਕਾ ਸਕੂਲ ਚੰਗੇ ਨਤੀਜੇ ਪ੍ਰਾਪਤ ਕਰਨ ਵਿੱਚ ਸਫ਼ਲ ਰਿਹਾ ਹੈ|ਇਸ ਮੌਕੇ ਤੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਵਿਦਿਆਰਥੀਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ ਗਈ|