ਸਰਦੂਲਗੜ੍ਹ/ਮਾਨਸਾ, 15 ਮਈ: ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਸੂਬੇ ਦੇ ਸਕੂਲਾਂ ਨੂੰ ਬਿਹਤਰ ਢਾਂਚਾ ਦੇ ਕੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਪੂਰੇ ਦੇਸ਼ ਭਰ ਵਿੱਚੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਇਆ ਜਾ ਰਿਹਾ ਹੈ ਅਤੇ ਸਿੱਖਿਆ ਕ੍ਰਾਂਤੀ ਲਈ ਪੰਜਾਬ ਸਰਕਾਰ ਸੁਹਿਰਦ ਅਤੇ ਵਚਨਬੱਧ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਹਲਕਾ ਸਰਦੂਲਗੜ੍ਹ ਦੇ ਸਰਕਾਰੀ ਸਕੂਲਾਂ ‘ਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਡਿਜੀਟਲ ਸਿਖਲਾਈ ਸਹੂਲਤਾਂ ਦਾ ਆਧੁਨਿਕੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੀਤੇ ਗਏ ਇਹ ਵਿਕਾਸ ਕਾਰਜ ਅਤੇ ਸੁਧਾਰ ਨੇ ਵਿਦਿਆਰਥੀਆਂ ਨੂੰ ਸਿੱਖਣ ਦਾ ਬਿਹਤਰ ਮਾਹੌਲ ਪ੍ਰਦਾਨ ਕੀਤਾ ਹੈ ਜੋ ਕਿ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਸਮਰੱਥ ਬਣਾਏਗਾ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੱਲਣਵਾੜਾ ਵਿਖੇ ਲਗਭਗ 11 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਕੈਂਚੀਆਂ ਸ਼ਹਿਰ ਸਰਦੂਲਗੜ੍ਹ ਵਿਖੇ ਲਗਭਗ 14 ਲੱਖ ਦੀ ਲਾਗਤ ਨਾਲ ਨਵੇਂ ਬਣੇ ਆਧੁਨਿਕ ਕਮਰਿਆਂ, ਚਾਰਦੀਵਾਰੀ ਅਤੇ ਸਾਇੰਸ ਲੈਬ ਤੋਂ ਇਲਾਵਾ ਹੋਰ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸਦੇ ਨਾਲ ਹੀ ਉਨ੍ਹਾਂ ਪਿੰਡ ਫੂਸ ਮੰਡੀ ਦੀ ਵੱਡੀ ਮੰਗ ਸ਼ਮਸ਼ਾਨਘਾਟ ਦੀ ਚਾਰ ਦੀਵਾਰੀ ਅਤੇ ਮੁਰੰਮਤ ਲਈ ਪੰਚਾਇਤ ਨੂੰ 05 ਲੱਖ ਰੁਪਏ ਦਾ ਚੈੱਕ ਵੀ ਸੌਪਿਆ।
ਇਸ ਮੌਕੇ ਸਕੂਲ ਮੁਖੀ ਸ.ਪ.ਸ. ਖੈਰਾ ਕੈਂਚੀਆਂ ਸਰਦੂਲਗੜ੍ਹ ਗੁਰਦਾਸ ਸਿੰਘ, ਚੇਅਰਮੈਨ ਸੀ.ਐਮ.ਸੀ. ਰਾਜ ਕੁਮਾਰ, ਸਕੂਲ ਮੁਖੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੱਲਣਵਾੜਾ, ਅੰਗਰੇਜ ਸਿੰਘ, ਚੇਅਰਮੈਨ ਸੀ.ਐਮ.ਸੀ. ਹਰਜੋਤ ਕੌਰ, ਐਮ.ਸੀ. ਵਿਰਸਾ ਸਿੰਘ, ਐਮ.ਸੀ. ਭਜਨ ਸਿੰਘ, ਪ੍ਰਧਾਨ ਨਗਰ ਪੰਚਾਇਤ ਪ੍ਰੇਮ ਗਰਗ, ਸਰਪੰਚ ਮਾਨਕ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।