ਦਲਜੀਤ ਕੌਰ
ਲਹਿਰਾ, 16 ਮਈ, 2025; ਪੰਜਾਬ ਸਰਕਾਰ ਵੱਲੋਂ ਸਪੈਸ਼ਲ ਅਸਿਸਟੈਂਸ ਸਕੀਮ ਅਧੀਨ ਵਿਧਾਨ ਸਭਾ ਹਲਕਾ ਲਹਿਰਾ ਵਿੱਚ ਮਾਰਕਿਟ ਕਮੇਟੀ ਲਹਿਰਾ ਅਧੀਨ ਪੈਂਦੀ ਬਹੁਤ ਹੀ ਮਹੱਤਵਪੂਰਨ ਸੜਕ ਮੂਨਕ-ਪਾਤੜਾਂ ਰੋਡ (ਜ਼ਿਲ੍ਹੇ ਦੀ ਹੱਦ ਤਕ), ਜਿਸ ਦੀ ਲੰਬਾਈ 13.75 ਕਿ.ਮੀ. ਹੈ, ਨੂੰ ਕਰੀਬ 10 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਅਪਗਰੇਡ ਕੀਤਾ ਜਾਵੇਗਾ ਤੇ ਇਹ ਕੰਮ 04 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਮੂਨਕ ਮੰਡੀ ਵਿਖੇ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਸਾਂਝੀ ਕੀਤੀ। ਇਸ ਸੜਕ ਦੀ ਠੇਕੇਦਾਰ ਵੱਲੋਂ ਅਗਲੇ 05 ਸਾਲ ਤੱਕ ਮੇਨਟੀਨੈਂਸ ਵੀ ਕੀਤੀ ਜਾਣੀ ਹੈ, ਜਿਸ ਦੀ ਲਾਗਤ 83.02 ਲੱਖ ਰੁਪਏ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸੜਕ ਉੱਪਰ ਹੈਵੀ ਟ੍ਰੈਫਿਕ ਹੋਣ ਕਾਰਨ ਇਸ ਸੜਕ ਨੂੰ ਤੁਰੰਤ ਅਪਗਰੇਡ ਕਰਨਾ ਅਤਿ ਜ਼ਰੂਰੀ ਸੀ। ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਇਸ ਸੜਕ ਨੂੰ ਅਪਗਰੇਡ ਕਰਨ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦਾ ਕਾਇਆ ਕਲਪ ਕਰਨ ਲਈ ਹਰ ਪੱਖ ਤੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਲਹਿਰਾ ਵਿੱਚ ਵੀ ਵਿਕਾਸ ਕਾਰਜ ਪੂਰੇ ਜੋਸ਼ੋ ਖਰੋਸ਼ ਨਾਲ ਨੇਪਰੇ ਚੜ੍ਹਾਏ ਜਾ ਰਹੇ ਹਨ।
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਵਿਧਾਨ ਸਭਾ ਲਹਿਰਾ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਪੜਾਅਵਾਰ ਹੱਲ ਲਈ ਉਹ ਦਿਨ ਰਾਤ ਸਰਗਰਮ ਹਨ ਅਤੇ ਪਿਛਲੇ ਲਗਭਗ ਤਿੰਨ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਲਹਿਰਾ ਵਿੱਚ ਵੱਡੇ ਲੋਕ ਪੱਖੀ ਪ੍ਰੋਜੈਕਟ ਆਰੰਭੇ ਗਏ ਹਨ ਅਤੇ ਜਲਦੀ ਹੀ ਕਈ ਮਹੱਤਵਪੂਰਨ ਪ੍ਰੋਜੈਕਟ ਮੁਕੰਮਲ ਹੋਣ ਵਾਲੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੀਆਂ ਹੋਰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਿਆ ਅਤੇ ਛੇਤੀ ਹੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।
ਐਸ ਡੀ ਓ ਸੁਖਬੀਰ ਸਿੰਘ, ਪੀ ਏ ਰਾਕੇਸ਼ ਕੁਮਾਰ ਗੁਪਤਾ, ਬਲਾਕ ਪ੍ਰਧਾਨ ਸਤੀਸ਼ ਸਿੰਗਲਾ, ਮਿੱਠੂ ਸੈਣੀ, ਐਮ ਸੀ ਜਗਸੀਰ ਸਿੰਘ, ਐਮ ਸੀ ਬੱਬੂ, ਨੰਬਰਦਾਰ, ਭੋਲਾ ਸਿੰਘ, ਬੱਬੂ ਸਿੰਗਲਾ, ਮੁਕੰਦ ਸੈਣੀ, ਬਲਵੀਰ ਸੈਣੀ, ਜਿਲਾ ਸੈਣੀ, ਅਜਮੇਰ ਸਿੰਘ ਅਤੇ ਹੋਰ ਹਾਜ਼ਰ ਸਨ।