ਪਾਵਰਕੌਮ ਦੀ ਮੈਨੇਜਮੈਂਟ ਖਿਲਾਫ਼ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵਿਸ਼ਾਲ ਧਰਨਾ

Published on: May 16, 2025 9:15 pm

Punjab

ਪਾਵਰਕੌਮ ਮਨੇਜਮੈਂਟ ਤਨਖ਼ਾਹ ਸਕੇਲਾਂ ਦਾ ਬਕਾਇਆ ਜਾਰੀ ਕਰਨ ਤੋਂ ਭਗੌੜੀ ਹੋਈ

ਦਲਜੀਤ ਕੌਰ 

ਬਰਨਾਲਾ, 16 ਮਈ, 2025: ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੇ 1-1-16 ਤੋਂ 30-6-21 ਤੱਕ ਦਾ ਪੇ ਸਕੇਲਾਂ ਦਾ ਬਕਾਇਆ ਆਪਣੇ ਵੱਲੋਂ ਹੀ ਤਹਿ ਕੀਤੇ ਗਏ ਸ਼ਡਿਊਲ ਅਨੁਸਾਰ ਨਾ ਦੇਣ ਦੇ ਰੋਸ ਵਜੋਂ ਸੂਬਾ ਕਮੇਟੀ ਵੱਲੋਂ ਸੰਘਰਸ਼ ਦੇ ਉਲੀਕੇ ਗਏ ਸੱਦੇ ਤਹਿਤ ਸ਼ਹਿਰੀ ਅਤੇ ਦਿਹਾਤੀ ਮੰਡਲ ਬਰਨਾਲਾ ਵੱਲੋਂ ਸਾਂਝੇ ਤੌਰ ‘ਤੇ ਧਰਨਾ ਜੱਗਾ ਸਿੰਘ ਧਨੌਲਾ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਧਰਨੇ ਨੂੰ ਪਾਵਰਕੌਮ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਵੀ ਹਮਾਇਤ ਦਿੱਤੀ ਗਈ।

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਰੂਪ ਚੰਦ ਤਪਾ, ਸਿਕੰਦਰ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ, ਗੌਰੀ ਸ਼ੰਕਰ, ਗੁਰਲਾਭ ਸਿੰਘ, ਮਹਿੰਦਰ ਸਿੰਘ ਰੂੜੇਕੇ, ਜਗਦੀਸ਼ ਸਿੰਘ ਨਾਈਵਾਲਾ, ਜਗਰਾਜ ਸਿੰਘ, ਗੁਰਜੰਟ ਸਿੰਘ ਧਨੌਲਾ, ਤਰਸੇਮ ਦਾਸ ਬਾਵਾ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਲਗਾਤਾਰ ਟਾਲਮਟੋਲ ਦੀ ਨੀਤੀ ਤੇ ਚਲਦਿਆਂ ਕੀਤੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। ਇਹ ਕੋਈ ਪਹਿਲੀ ਵਾਰ ਨਹੀਂ ਸਗੋਂ ਅਨੇਕਾਂ ਵਾਰ ਮਨੇਜਮੈਂਟ ਨੇ ਅਜਿਹਾ ਕੀਤਾ ਹੈ, ਹਰ ਵਾਰ ਜਥੇਬੰਦਕ ਸੰਘਰਸ਼ ਰਾਹੀਂ ਮਨੇਜਮੈਂਟ ਨੂੰ ਥੁੱਕ ਕੇ ਚੱਟਣ ਲਈ ਮਜ਼ਬੂਰ ਕੀਤਾ ਹੈ। ਆਗੂਆਂ ਕਿਹਾ ਕਿ ਹੁਣ ਵੀ 01-01-2016 ਤੋਂ ਲਾਗੂ ਕੀਤੇ ਤਨਖ਼ਾਹ ਸਕੇਲਾਂ ਨੂੰ 9 ਸਾਲ ਤੋਂ ਵੱਧ ਦਾ ਸਮਾਂ ਬੀਤਣ ਉਪਰੰਤ ਵੀ ਪੰਜ ਸਾਲ 6 ਮਹੀਨੇ ਦਾ ਬਕਾਇਆ ਦੇਣ ਤੋਂ ਆਨੇ ਬਹਾਨੇ ਭੱਜਣਾ ਚਾਹੁੰਦੀ ਹੈ। ਪਾਵਰਕੌਮ ਦੇ ਪੈਨਸ਼ਨਰਜ਼ ਅਤੇ ਮੁਲਾਜ਼ਮ ਮਨੇਜਮੈਂਟ ਦੀ ਇਸ ਚਾਲ ਨੂੰ ਭਲੀ ਭਾਂਤ ਸਮਝਦੇ ਹਨ। ਮਨੇਜਮੈਂਟ ਨੂੰ ਕਿਸੇ ਵੀ ਸੂਰਤ ਵਿੱਚ ਆਪਣੇ ਕੀਤੇ ਵਾਅਦੇ ਤੋਂ ਭੱਜਣ ਨਹੀਂ ਦੇਣਗੇ। ਸਮੁੱਚੇ ਪੰਜਾਬ ਵਿੱਚ ਮਨੇਜਮੈਂਟ ਖਿਲਾਫ਼ ਮੰਡਲ ਪੱਧਰ ਦੀਆਂ ਰੈਲੀਆਂ/ਧਰਨਿਆਂ ਦਾ ਪੜਾਅ ਮੁਕੰਮਲ ਹੋ ਗਿਆ ਹੈ। ਵੱਡੀ ਪੱਧਰ ‘ਤੇ ਪਾਵਰਕੌਮ ਦੇ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਸ਼ਮੂਲੀਅਤ ਉਨ੍ਹਾਂ ਅੰਦਰ ਮਨੇਜਮੈਂਟ ਦੇ ਮੁਲਾਜ਼ਮ/ਪੈਨਸ਼ਨਰਜ਼ ਵਿਰੋਧੀ ਪੈਦਾ ਹੋਏ ਗੁੱਸੇ ਦੀ ਲਹਿਰ ਨੂੰ ਦਰਸਾਉਂਦੀ ਹੈ। ਆਗੂਆਂ ਕਿਹਾ ਕਿ ਜਲਦ ਹੀ ਸਾਂਝੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦੇ ਤਿੱਖੇ ਪੜਾਅ ਦਾ ਐਲਾਨ ਕਰ ਦਿੱਤਾ ਜਾਵੇਗਾ। ਪਾਵਰਕੌਮ ਦੇ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਪਾਵਰਕੌਮ ਦੀ ਮੈਨੇਜਮੈਂਟ ਨੂੰ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ ਨਹੀਂ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।