ਚੰਡੀਗੜ੍ਹ: 17 ਮਈ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੇ ਰਾਮ ਦਰਬਾਰ ਫੇਜ਼ 2 ਦੇ ਇੱਕ ਪਾਰਕ ਵਿੱਚ ਕ੍ਰਿਕਟ ਮੈਚ ਦੌਰਾਨ ਹੋਏ ਝਗੜੇ ਤੋਂ ਬਾਅਦ ਇੱਕ 20 ਸਾਲਾ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਇੱਕ ਦਿਨ ਬਾਅਦ, ਪੁਲਿਸ ਨੇ ਪੰਜ ਨਾਬਾਲਗਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਨੂੰ ਸੁਲਝਾ ਲਿਆ ਹੈ।ਪੁਲਿਸ ਨੇ ਅਪਰਾਧ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਕਈ ਚਾਕੂ ਵੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਹ ਘਟਨਾ ਵੀਰਵਾਰ ਨੂੰ ਸ਼ਾਮ 7 ਵਜੇ ਦੇ ਕਰੀਬ ਕੈਕਟਸ ਪਾਰਕ, ਰਾਮ ਦਰਬਾਰ, ਫੇਜ਼ 2 ਵਿੱਚ ਵਾਪਰੀ। ਪੁਲਿਸ ਦੇ ਅਨੁਸਾਰ ਮ੍ਰਿਤਕ ਸਾਗਰ ਰਾਜਪੂਤ ‘ਤੇ ਪਾਰਕ ਵਿੱਚ ਬੈਠੇ ਸਥਾਨਕ ਮੁੰਡਿਆਂ ਦੇ ਇੱਕ ਗਰੁੱਪ ਨੇ ਹਮਲਾ ਕੀਤਾ ਸੀ ਜਦੋਂ ਉਨ੍ਹਾਂ ਨੂੰ ਕ੍ਰਿਕਟ ਦੀ ਗੇਂਦ ਲੱਗੀ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿੱਚ ਤਿੱਖੀ ਬਹਿਸ ਹੋਈ, ਜੋ ਹਿੰਸਾ ਵਿੱਚ ਬਦਲ ਗਈ।
ਪੀੜਤ ਦੇ ਪਿਤਾ ਮਹੇਸ਼ ਕੁਮਾਰ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ‘ਚ ਕਿਹਾ ਸੀ ਕਿ ਉਹ ਸ਼ਾਮ ਦੀ ਸੈਰ ਕਰ ਰਿਹਾ ਸੀ ਜਦੋਂ ਉਸਨੇ ਆਪਣੇ ਪੁੱਤਰ ‘ਤੇ ਦੋਸ਼ੀਆਂ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰਦੇ ਦੇਖਿਆ। ਉਨ੍ਹਾਂ ਨੇ ਉਸ ਦੇ ਪੁੱਤਰ ‘ਤੇ ਅੱਗੇ ਅਤੇ ਪਿੱਛੇ ਤੋਂ ਚਾਕੂਆਂ ਨਾਲ ਕਈ ਵਾਰ ਕੀਤੇ ਅਤੇ ਜਦੋਂ ਉਸ ਨੇ ਛੁਡਾਉਣ ਦੀ ਕੋਸ਼ਿਸ ਕੀਤੀ ਦੋਸ਼ੀਆਂ ਨੇ ਜੰਗਲ ਵੱਲ ਭੱਜਣ ਤੋਂ ਪਹਿਲਾਂ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸਾਗਰ ਨੂੰ ਗੌਰਮਿੰਟ ਮੈਡੀਕਲ ਕਾਲਜ ਹਸਪਤਾਲ 32 ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।