ਸਿਵਲ ਹਸਪਤਾਲ ਬਰਨਾਲਾ ਬਚਾਓ ਕਮੇਟੀ ਦਾ ਵਫ਼ਦ ਬੰਦ ਪਈ ਜੱਚਾ-ਬੱਚਾ ਸੰਭਾਲ ਨਰਸਰੀ ਜਲਦ ਚਾਲੂ ਕਰਵਾਉਣ ਸਬੰਧੀ ਸਿਵਲ ਸਰਜਨ ਨੂੰ ਮਿਲਿਆ 

Published on: May 18, 2025 8:36 pm

ਸਿਹਤ

ਦਲਜੀਤ ਕੌਰ 

ਬਰਨਾਲਾ, 18 ਮਈ, 2025: ਸਿਵਲ ਹਸਪਤਾਲ ਬਰਨਾਲਾ ਬੰਦ ਕੀਤੀ ਜੱਚਾ-ਬੱਚਾ ਸੰਭਾਲ ਨਰਸਰੀ ਜਲਦ ਚਾਲੂ ਕਰਵਾਉਣ ਸਬੰਧੀ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦੀ ਇਕੱਤਰਤਾ ਹਸਪਤਾਲ ਪਾਰਕ ਵਿੱਚ ਹੋਈ। ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਚਾਓ ਕਮੇਟੀ ਦੇ ਆਗੂ ਸੋਹਣ ਸਿੰਘ ਮਾਝੀ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਸਿਵਲ ਹਸਪਤਾਲ ਬਰਨਾਲਾ ਵਿੱਚ ਇੱਕੋ ਇੱਕ ਜੱਚਾ ਬੱਚਾ ਨਰਸਰੀ ਸਾਲਾਂ ਬੱਧੀ ਸਮੇਂ ਤੋਂ ਬੰਦ ਹੋਣ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਅਣਦੇਖਿਆਂ ਕਰਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਜੱਚਾ ਬੱਚਾ ਨਰਸਰੀ ਸਟਾਫ਼ ਦੀ ਘਾਟ ਦਾ ਬਹਾਨਾ ਬਣਾ ਕੇ ਬੰਦ ਕੀਤੀ ਹੈ। ਜਿਸ ਦਾ ਖਮਿਆਜ਼ਾ ਗ਼ਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਿਵਲ ਹਸਪਤਾਲ ਬਚਾਓ ਕਮੇਟੀ ਸਿਹਤ ਵਿਭਾਗ ਦੇ ਅਧਿਕਾਰੀਆਂ, ਡੀਸੀ ਬਰਨਾਲਾ ਨੂੰ ਮਿਲਣ ਤੋਂ ਇਲਾਵਾ ਸਿਹਤ ਮੰਤਰੀ ਨੂੰ 7 ਮਾਰਚ ਨੂੰ ਮਿਲੇ ਹਸਪਤਾਲ ਬਚਾਓ ਕਮੇਟੀ ਦੇ ਵਫ਼ਦ ਨੂੰ ਮਹੀਨੇ ਦੇ ਅੰਦਰ-ਅੰਦਰ ਚਾਲੂ ਕਰਨ ਲਈ ਮੰਗ ਪੱਤਰ ਦੇਕੇ ਵਿਸਥਾਰ ਵਿੱਚ ਚਰਚਾ ਕੀਤੀ ਸੀ। ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਇੱਕ ਮਹੀਨੇ ਦੇ ਅੰਦਰ ਅੰਦਰ ਜੱਚਾ ਬੱਚਾ ਨਰਸਰੀ ਚਾਲੂ ਕਰਨ ਦਾ ਵਿਸ਼ਵਾਸ ਦਿਵਾਇਆ ਸੀ। ਪਰ ਅਫਸੋਸ ਕਿ ਦੋ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਸ ਦਾ ਸਿੱਟਾ ਇਹ ਨਿੱਕਲ ਰਿਹਾ ਹੈ ਕਿ ਧੜਾ ਧੜ ਖੁੱਲ੍ਹੀਆਂ ਪ੍ਰਾਈਵੇਟ ਨਰਸਰੀਆਂ ਨੇ ਅੰਨ੍ਹੀ ਲੁੱਟ ਮਚਾਈ ਹੋਈ ਹੈ। 

ਆਗੂਆਂ ਡਾ ਰਜਿੰਦਰ ਪਾਲ, ਰਾਜੀਵ ਕੁਮਾਰ, ਪ੍ਰੇਮ ਕੁਮਾਰ, ਰਮੇਸ਼ ਹਮਦਰਦ, ਸੁਖਵਿੰਦਰ ਠੀਕਰੀਵਾਲਾ, ਖੁਸ਼ੀਆ ਸਿੰਘ, ਅਨਿਲ ਕੁਮਾਰ, ਦਰਸ਼ਨ ਚੀਮਾ, ਜਗਜੀਤ ਸਿੰਘ, ਕਮਲਦੀਪ ਸਿੰਘ ਆਦਿ ਆਗੂਆਂ ਨੇ ਸਿਵਲ ਸਰਜਨ ਬਰਨਾਲਾ ਨੂੰ ਵਫ਼ਦ ਦੀ ਮੁਲਾਕਾਤ ਤੋਂ ਉਪਰੰਤ ਕਿਹਾ ਕਿ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਦੀਆਂ ਡੀਂਗਾਂ ਮਾਰਨ ਰਹੀ ਹੈ ਦੂਜੇ ਪਾਸੇ ਬਰਨਾਲਾ ਜ਼ਿਲ੍ਹੇ ਦੀ ਇੱਕੋ ਇੱਕ ਜੱਚਾ ਬੱਚਾ ਸੰਭਾਲ ਨਰਸਿੰਗ ਸਟਾਫ਼ ਦੀ ਤੈਨਾਤੀ ਨਾਂ ਹੋਣ ਕਰਕੇ ਸਾਲਾਂ ਬੱਧੀ ਸਮੇਂ ਤੋਂ ਬੰਦ ਪਈ ਹੈ। ਇਸ ਬੰਦ ਪਈ ਨਰਸਰੀ ਬਾਰੇ ਵਫ਼ਦ ਨੂੰ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਨਰਸਿੰਗ ਸਟਾਫ਼ ਦੀ ਲੋੜੀਂਦੀ ਤੈਨਾਤੀ ਨਾ ਹੋਣ ਕਰਕੇ ਬੰਦ ਕੀਤੀ ਹੋਈ ਹੈ। ਆਗੂਆਂ ਮੰਗ ਕੀਤੀ ਕਿ ਨਰਸਿੰਗ ਸਟਾਫ਼ ਦੀ ਤੈਨਾਤੀ ਜਲਦ ਕਰਕੇ ਬੰਦ ਕੀਤੀ ਹੋਈ ਜੱਚਾ ਬੱਚਾ ਸੰਭਾਲ ਨਰਸਰੀ ਤੁਰੰਤ ਚਾਲੂ ਕੀਤੀ ਜਾਵੇ ਨਹੀਂ ਤਾਂ ਜਲਦ ਹੀ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।