ਦਲਜੀਤ ਕੌਰ
ਜਗਰਾਉਂ, 18 ਮਈ, 2025: ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਅੱਜ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜੋਗਿੰਦਰ ਸਿੰਘ ਉਗਰਾਹਾਂ , ਬਲਦੇਵ ਸਿੰਘ ਨਿਹਾਲਗੜ੍ਹ ਅਤੇ ਕੰਵਲਪ੍ਰੀਤ ਸਿੰਘ ਪੰਨੂ ਨੇ ਕੀਤੀ। ਮੀਟਿੰਗ ਵਿੱਚ ਹੋਰ ਮਸਲਿਆਂ ਤੋਂ ਇਲਾਵਾ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾਣ ਵਾਲੇ ਜਬਰ ਵਿਰੋਧੀ ਧਰਨੇ ਅਤੇ ਮੁਜ਼ਾਹਰਿਆਂ ਸਬੰਧੀ ਵਿਚਾਰ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ 26 ਮਈ ਨੂੰ ਅਖਾੜਾ ਗੈਸ ਫੈਕਟਰੀ ਵਾਲੇ ਕੇਸ ਦੀ ਹਾਈ ਕੋਰਟ ਵਿੱਚ ਸੁਣਵਾਈ ਹੈ। ਇਸ ਲਈ ਲੋਕਾਂ ਖਿਲਾਫ ਜਬਰ ਦੀ ਸੰਭਾਵਨਾ ਨੂੰ ਦੇਖਦਿਆਂ 26 ਮਈ ਨੂੰ ਗੈਸ ਫੈਕਟਰੀਆਂ ਵਿਰੋਧੀ ਮੋਰਚੇ ਅਤੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਆਪਣੇ ਮੋਰਚਿਆਂ ਤੇ ਤਾਇਨਾਤ ਰਹਿਣਗੇ। ਇਸ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਸੰਗਰੂਰ ਅਤੇ ਬਠਿੰਡਾ ਵਾਲੇ ਜਬਰ ਵਿਰੋਧੀ ਪ੍ਰੋਗਰਾਮ ਪਹਿਲਾਂ ਵਾਂਗੂ 26 ਮਈ ਨੂੰ ਹੀ ਹੋਣਗੇ ਪਰ ਜਗਰਾਉਂ ਵਾਲਾ ਪ੍ਰੋਗਰਾਮ ਦੋ ਜੂਨ ਨੂੰ ਕੀਤਾ ਜਾਵੇਗਾ।
ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜਦੋਂ ਵੀ ਹਾਈ ਕੋਰਟ ਵਿੱਚ ਪੇਸ਼ੀ ਹੁੰਦੀ ਹੈ ਤਾਂ ਇਸ ਦਾ ਬਹਾਨਾ ਬਣਾ ਕੇ ਹਰ ਵਾਰ ਲੋਕਾਂ ਤੇ ਜਬਰ ਕੀਤਾ ਜਾਂਦਾ ਹੈ। ਪਿਛਲੀ ਵਾਰ ਵੀ ਔਰਤਾਂ ਨੂੰ ਖੇਤਾਂ ਵਿੱਚ ਕੁੱਟਿਆ ਗਿਆ ਅਤੇ ਬੁਲਡੋਜਰਾਂ ਨਾਲ ਸ਼ੈਡ ਵਗੈਰਾ ਢਾਹ ਕੇ ਲੋਕਾਂ ਦਾ ਜ਼ਰੂਰੀ ਸਮਾਨ ਲੁੱਟ ਲਿਆ ਗਿਆ ਸੀ। ਉਹਨਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਹਰ ਵਾਰ ਇਸ ਤਰ੍ਹਾਂ ਨਹੀਂ ਚੱਲੇਗਾ। ਜੇਕਰ ਪ੍ਰਸ਼ਾਸਨ ਇਸ ਵਾਰ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਇਸ ਦਾ ਪੁਰਅਮਨ ਰਹਿੰਦਿਆਂ ਸਖਤੀ ਨਾਲ ਜਵਾਬ ਦਿੱਤਾ ਜਾਵੇਗਾ।