ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਘਰ ਛਾਪੇਮਾਰੀ ਤੇ ਗ੍ਰਿਫਤਾਰੀ ਦੀ ਜਮਹੂਰੀ ਅਧਿਕਾਰ ਸਭਾ ਵੱਲੋਂ ਨਿੰਦਾ

Published on: May 19, 2025 5:47 pm

Punjab

ਦਲਜੀਤ ਕੌਰ 

ਚੰਡੀਗੜ੍ਹ, 19 ਮਈ, 2025: ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ 20 ਮਈ ਨੂੰ ਬੀੜ ਐਸਵਾਨ (ਸੰਗਰੂਰ) ‘ਤੇ ਬੇਗਮ ਪੁਰਾ ਵਸਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸਨੂੰ ਰੋਕਣ ਲਈ ਸਰਕਾਰ ਨੇ ਆਗੂਆਂ, ਮੁਕੇਸ਼ ਮਲੌਦ, ਬਿੱਕਰ ਸਿੰਘ ਹਥੌਆ, ਧਰਮਵੀਰ ਹਰੀਗੜ੍ਹ, ਗੁਰਬਿੰਦਰ ਸਿੰਘ ਬੌੜਾਂ, ਗੁਰਮੁੱਖ ਸਿੰਘ ਮਾਨ, ਇਸਤਰੀ ਜਾਗ੍ਰਤੀ ਮੰਚ ਦੇ ਜਨਰਲ ਸਕੱਤਰ ਅਮਨਦੀਪ ਦਿਓਲ ਅਤੇ ਹੋਰ ਆਗੂਆਂ ਅਤੇ ਕਾਰਕੁਨਾਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਕਸ਼ਮੀਰ ਘੁਗਸ਼ੋਰ, ਸੁਬਾਈ ਆਗੂ ਹੰਸਰਾਜ ਪਬਵਾਂ, ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਇਸ਼ਾਰੇ ਉੱਪਰ 20 ਮਈ ਨੂੰ ਬੇਗਮਪੁਰਾ ਵਸਾਉਣ ਦੇ ਪ੍ਰੋਗਰਾਮ ਖਿਲਾਫ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆ ਘਰ ਛਾਪੇਮਾਰੀ ਕਰਨ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।

ਪ੍ਰੈੱਸ ਦੇ ਨਾ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ, ਜਰਨਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਰਜਵਾੜਾਸ਼ਾਹੀ ਦੇ ਹੱਕ ਵਿੱਚ ਭੁਗਤਦਿਆਂ ਹੋਇਆ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਘਰ ਛਾਪੇਮਾਰੀ ਕਰ ਰਹੀ ਹੈ। ਇਸ ਛਾਪੇਮਾਰੀ ਰਾਹੀਂ ਆਮ ਆਦਮੀ ਪਾਰਟੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਨੰਗਾ ਹੋਇਆ ਹੈ। 

ਆਗੂਆਂ ਨੇ ਕਿਹਾ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਲੈਂਡ ਸੀਲਿੰਗ ਐਕਟ ਤਹਿਤ ਵਾਧੂ ਜਮੀਨ ਦਲਿਤ ਅਤੇ ਬੇਜ਼ਮੀਨੇ ਕਿਸਾਨਾਂ ਵਿੱਚ ਵੰਡਣ ਦੀ ਮੰਗ ਨੂੰ ਲੈ ਕੇ ਸੰਘਰਸ਼ਸ਼ੀਲ ਹੈ। ਪਿੰਡ ਬੀੜ ਐਸ਼ਵਾਨ ਵਿਖੇ ਕਈ ਸੌ ਏਕੜ ਜਮੀਨ ਉਪਰ ਧਨਾਢ ਚੌਧਰੀਆਂ ਅਤੇ ਅਫਸਰਸ਼ਾਹੀ ਦਾ ਕਬਜ਼ਾ ਹੈ। ਬੀੜ ਐਸ਼ਵਾਨ ਉੱਪਰ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੇਗਮਪੁਰਾ ਵਸਾਉਣ ਦਾ ਐਲਾਨ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਘਰ ਛਾਪੇਮਾਰੀ ਇਹ ਸੰਕੇਤ ਕਰਦੀ ਹੈ ਕਿ ਪੰਜਾਬ ਦੀ ਸਰਕਾਰ ਸੂਬੇ ਅੰਦਰ ਲੈਂਡ ਸੀਲਿੰਗ ਐਕਟ ਲਾਗੂ ਕਰਨ ਤੋਂ ਭੱਜ ਰਹੀ ਹੈ ਅਤੇ ਪੰਜਾਬ ਨੂੰ ਪੁਲਸੀਆ ਰਾਜ ਵਿੱਚ ਤਬਦੀਲ ਕਰਕੇ ਲੋਕਾਂ ਦੇ ਹੱਕਾਂ ਤੇ ਛਾਪਾ ਮਾਰ ਰਹੀ ਹੈ ਉਨ੍ਹਾਂ ਸਮੂਹ ਲੋਕ ਪੱਖੀ ਜਮਹੂਰੀਅਤ ਪਸੰਦ ਲੋਕਾਂ ਨੂੰ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।