ਪੰਜਾਬ ਪੁਲਿਸ ਵਲੋਂ ਮੁਲਜ਼ਮ ਦੇ ਨਾਲ-ਨਾਲ ਸਰਪੰਚ ਤੇ ਪੰਚ ਖ਼ਿਲਾਫ਼ FIR ਦਰਜ
ਜਲੰਧਰ, 19 ਮਈ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਇੱਕ ਪਿੰਡ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸਥਾਨਕ ਵਿਅਕਤੀ ਕੁਲਦੀਪ ਸਿੰਘ 20 ਸਾਲ ਪਹਿਲਾਂ ਆਪਣੇ ਪਰਿਵਾਰ ਨੂੰ ਬਿਹਤਰ ਭਵਿੱਖ ਦੇਣ ਲਈ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ, ਪਰ ਕੁਝ ਸਾਲਾਂ ਬਾਅਦ ਉਸਦੀ ਪਤਨੀ ਕਮਲਜੀਤ ਕੌਰ ਨੇ ਉਸਨੂੰ ਕਾਗਜ਼ਾਂ ‘ਚ ਮਾਰ ਕੇ ਜਮੀਨ ਹੜੱਪਣ ਦੀ ਕੋਸ਼ਿਸ਼ ਕੀਤੀ।ਇਹ ਮਾਮਲਾ ਜਲੰਧਰ ਦੇ ਨੌਗਜ਼ਾ ਪਿੰਡ ਦਾ ਹੈ।
ਦਰਅਸਲ, ਕਮਲਜੀਤ ਕੌਰ ਨੇ ਜ਼ਮੀਨ ਵੇਚਣ ਦੇ ਇਰਾਦੇ ਨਾਲ ਆਪਣੇ ਪਤੀ ਦਾ ਜਾਅਲੀ ਮੌਤ ਸਰਟੀਫਿਕੇਟ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਸਿਵਲ ਹਸਪਤਾਲ ਦੀ ਜਾਂਚ ਟੀਮ ਨੌਗਜ਼ਾ ਪਿੰਡ ਪਹੁੰਚੀ। ਜਦੋਂ ਅਮਰੀਕਾ ਵਿੱਚ ਉਸਦੇ ਪਤੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਇੱਕ ਵੀਡੀਓ ਬਣਾਈ ਅਤੇ ਦੱਸਿਆ ਕਿ ਉਹ ਅਜੇ ਜ਼ਿੰਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਮਲਜੀਤ ਕੌਰ ਦੇ ਨਾਲ-ਨਾਲ ਪਿੰਡ ਦੇ ਸਰਪੰਚ ਅਤੇ ਪੰਚ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਕੁਲਦੀਪ ਸਿੰਘ ਦੇ ਭਤੀਜੇ ਨੇ ਦੱਸਿਆ ਕਿ ਉਸਦਾ ਚਾਚਾ ਲਗਭਗ 20 ਸਾਲ ਪਹਿਲਾਂ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ। ਪਿਛਲੇ ਸਾਲ ਉਸਦੀ ਚਾਚੀ ਵੀ ਅਮਰੀਕਾ ਗਈ ਸੀ, ਪਰ ਕੁਝ ਦਿਨਾਂ ਬਾਅਦ ਵਾਪਸ ਆ ਗਈ। ਉਨ੍ਹਾਂ ਕੋਲ ਨੌਗਜ਼ਾ ਅਤੇ ਪਠਾਨਕੋਟ ਬਾਈਪਾਸ ਨੇੜੇ ਦੋ ਥਾਈਂ ਜ਼ਮੀਨ ਹੈ ਅਤੇ ਲਾਲਚ ਵਿੱਚ, ਕਮਲਜੀਤ ਕੌਰ ਨੇ ਜਾਅਲੀ ਦਸਤਾਵੇਜ਼ ਤਿਆਰ ਕਰਵਾਏ ਅਤੇ ਕੁਲਦੀਪ ਸਿੰਘ ਦੇ ਮੌਤ ਸਰਟੀਫਿਕੇਟ ਲਈ ਅਰਜ਼ੀ ਦਿੱਤੀ।

ਪਤਨੀ ਵਲੋਂ ਅਮਰੀਕਾ ਗਏ ਪਤੀ ਨੂੰ ਕਾਗਜ਼ਾਂ ‘ਚ ਮਾਰ ਕੇ ਜ਼ਮੀਨ ਹੜੱਪਣ ਦੀ ਕੋਸ਼ਿਸ਼
Published on: May 19, 2025 5:16 pm