ਚੰਡੀਗੜ੍ਹ, 20 ਮਈ, ਦੇਸ਼ ਕਲਿਕ ਬਿਊਰੋ :
ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਨੇ ਮੰਗ ਅਨੁਸਾਰ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਲਈ ਸਹਿਮਤੀ ਦਿੱਤੀ ਹੈ। 15 ਮਈ ਨੂੰ ਬੀਬੀਐਮਬੀ ਹੈੱਡਕੁਆਰਟਰ ਵਿਖੇ ਹੋਈ ਤਕਨੀਕੀ ਕਮੇਟੀ ਦੀ ਮੀਟਿੰਗ ਵਿੱਚ 21 ਤੋਂ 31 ਮਈ ਤੱਕ ਪੰਜਾਬ ਨੇ 17,000 ਕਿਊਸਿਕ, ਹਰਿਆਣਾ ਨੇ 10,300 ਕਿਊਸਿਕ ਅਤੇ ਰਾਜਸਥਾਨ ਨੇ 12,400 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ। ਮੀਟਿੰਗ ਵਿੱਚ ਪੰਜਾਬ ਨੇ ਹਰਿਆਣਾ ਦੀ ਮੰਗ ਦਾ ਵਿਰੋਧ ਕੀਤਾ ਸੀ। ਪਰ ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ, ਬੀਬੀਐਮਬੀ ਨੇ ਫੈਸਲਾ ਕੀਤਾ ਹੈ ਕਿ ਪੰਜਾਬ, ਹਰਿਆਣਾ, ਅਤੇ ਰਾਜਸਥਾਨ ਵੱਲੋਂ 10 ਦਿਨਾਂ ਲਈ ਕੀਤੀ ਗਈ ਪਾਣੀ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਇਸਦਾ ਮਤਲਬ ਹੈ ਕਿ ਪੰਜਾਬ ਦੇ ਵਿਰੋਧ ਦੇ ਬਾਵਜੂਦ ਹਰਿਆਣਾ ਨੂੰ ਹੁਣ 10,300 ਕਿਊਸਿਕ ਪਾਣੀ ਮਿਲੇਗਾ।
ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ 17,000 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ। ਫੈਸਲੇ ਅਨੁਸਾਰ, ਪੰਜਾਬ ਨੂੰ ਹਰੀਕੇ ਤੋਂ 7,000 ਕਿਊਸਿਕ ਅਤੇ ਰੋਪੜ ਤੋਂ 10,000 ਕਿਊਸਿਕ ਪਾਣੀ ਮਿਲੇਗਾ। ਰਾਜਸਥਾਨ ਨੂੰ 12,400 ਕਿਊਸਿਕ ਅਤੇ ਹਰਿਆਣਾ ਨੂੰ 10,300 ਕਿਊਸਿਕ ਪਾਣੀ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਸਖ਼ਤ ਸਟੈਂਡ ਤੋਂ ਬਾਅਦ ਬੋਰਡ ਨੇ ਨਿਰਪੱਖ ਰਵੱਈਆ ਅਪਣਾਇਆ ਹੈ।

BBMB ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਮੰਗ ਅਨੁਸਾਰ ਪਾਣੀ ਦੇਣ ਲਈ ਸਹਿਮਤ
Published on: May 20, 2025 11:13 am