ਸੇਖੂਪੁਰ ਕਲਾਂ/ਮਾਲੇਰਕੋਟਲਾ 21 ਮਈ – ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵਲੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਤਹਿਤ ਅੱਜ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਖੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਤੋ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੁਣ ਆਪਣੇ ਸ਼ਹਿਰ,ਪਿੰਡ ਨੂੰ ਨਸ਼ਾ ਮੁਕਤ ਬਣਾਉਨ ਲਈ ਇਕਜੁੱਟ ਹੋ ਚੁੱਕੇ ਹਨ।
ਹਲਕਾ ਮਾਲੇਰਕੋਟਲਾ ਦੇ ਪਿੰਡ ਸੇਖੂਪੁਰ ਕਲਾਂ ਵਿਖੇ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕਰਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਸ ਯਾਤਰਾ ਦਾ ਮਕਸਦ ਨਸ਼ੇ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣਾ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸਨੂੰ ਨਿਰਣਾਇਕ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਮਾਜ ਦਾ ਹਰ ਵਰਗ, ਪੰਚਾਇਤ, ਮਾਤਾ-ਪਿਤਾ ਇਸ ਅੰਦੋਲਨ ਨਾਲ ਜੁੜਨ ਤਾਂ ਜੋ ਨਸ਼ੇ ਦੇ ਦੈਂਤ ਨੂੰ ਹਰਾਇਆ ਜਾ ਸਕੇ। ਇਸੇ ਕੜੀ ਤਹਿਤ ਪਿੰਡ ਅਹਿਮਦਪੁਰ ਅਤੇ ਬਿਸ਼ਨਗੜ੍ਹ ਵਿਖੇ ਵੀ ਨਸ਼ਾ ਮੁਕਤੀ ਯਾਤਰਾ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਤੋਂ ਸਭਨਾਂ ਨੂੰ ਦੂਰ ਰਹਿਣਾ ਚਾਹੀਦਾ ਹੈ ਅਤੇ ਸਾਡੇ ਆਸ-ਪਾਸ ਜਿਹੜਾ ਵੀ ਵਿਅਕਤੀ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਇਆ ਹੈ, ਉਸ ਨੂੰ ਸਹੀ ਰਾਹ ਉੱਤੇ ਲੈ ਕੇ ਆਉਣ ਲਈ ਯਤਨ ਕੀਤੇ ਜਾਣੇ ਚਾਹੀਂਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਜਾਂ ਸੌਦਾਗਰਾਂ ਦੀ ਜਾਣਕਾਰੀ ਤੁਰੰਤ ਬਿਨਾਂ ਕਿਸੇ ਡਰ ਤੋਂ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਹੁਣ ਪੰਜਾਬ ਸਰਕਾਰ ਦਾ ਸਾਥ ਦਿੰਦੀ ਹੋਈ ਨਸ਼ਿਆਂ ਦਾ ਖਾਤਮਾ ਕਰ ਕੇ ਹੀ ਦਮ ਲਵੇਗੀ।
ਇਸ ਦੌਰਾਨ ਕੋਆਰਡੀਨੇਟਰ ਨਸ਼ਾ ਛੁੜਾਊ ਕਮੇਟੀ ਸਿੰਗਾਰਾ ਸਿੰਘ, ਬਲਾਕ ਪ੍ਰਧਾਨ ਜਰਨੈਲ ਸਿੰਘ ਭੂਦਨ, ਸਰਪੰਚ ਸੰਦੀਪ ਕੌਰ,ਹਰੀਪਾਲ ਸਿੰਘ, ਅਸਲਮ ਭੱਟੀ, ਅਨਵਰ ਅਹਿਮਦ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਤੋਂ ਇਲਾਵਾ ਪੰਚਾਇਤ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।