ਮੋਰਿੰਡਾ , 21 ਮਈ, ਭਟੋਆ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਿੱਖਿਆ ਵਿਭਾਗ ਪਾਸੋਂ ਵੱਖ ਵੱਖ ਕਾਡਰਾਂ ਤਰੱਕੀਆਂ ਦੀ ਵਾਰ ਵਾਰ ਕਰ ਇਮੰਗ ਕੀਤੇ ਜਾਣ ‘ਤੇ ਭਾਵੇਂ ਕੁਝ ਵਿਸ਼ਿਆਂ ਦੀਆਂ ਲੈਕਚਰਾਰਾਂ ਦੀਆਂ ਤਰੱਕੀਆਂ ਲਈ ਕੇਸ ਮੰਗੇ ਗਏ ਹਨ ਪਰ ਹਾਲੇ ਵੀ ਅਹਿਮ ਵਿਸ਼ਿਆਂ ਦੇ ਲੈਕਚਰਾਰਾਂ ਅਤੇ ਹੋਰ ਕਾਡਰਾਂ (ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ, ਸੀ ਐਂਡ ਵੀ ਤੋਂ ਮਾਸਟਰ ਕਾਡਰ, ਨਾਨ ਟੀਚਿੰਗ ਤੋਂ ਮਾਸਟਰ ਕਾਡਰ, ਅਦਰ ਕੈਟਾਗਰੀ ਟੀਚਰਜ਼ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਹੈੱਡ ਮਾਸਟਰ, ਲੈਕਚਰਾਰ / ਵੋਕੇਸ਼ਨਲ ਮਾਸਟਰ/ ਹੈੱਡ ਮਾਸਟਰ ਕਾਡਰ ਤੋਂ ਪ੍ਰਿੰਸੀਪਲ ਆਦਿ) ਦੀਆਂ ਤਰੱਕੀਆਂ ਹਾਲੇ ਬਾਕੀ ਰਹਿੰਦੀਆਂ ਹਨ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਪੰਜਾਬ ਨੂੰ ਨਿਰਦੇਸ਼ ਦੇ ਕੇ ਅਧਿਆਪਕਾਂ ਵੱਖ ਵੱਖ ਕਾਡਰਾਂ ਤੋਂ ਅਗਲੇ ਕਾਡਰ ਦੀਆਂ ਤਰੱਕੀਆਂ ਦੇਣ ਦੇ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਕੋਲ ਸਾਰਾ ਡਾਟਾ ਉਪਲਬਧ ਹੋਣ ਦੇ ਬਾਵਜੂਦ ਅਧਿਆਪਕਾਂ ਨੂੰ ਲੈਕਚਰਾਰ ਦੀ ਤਰੱਕੀ ਲਈ ਮੁਖ ਦਫ਼ਤਰ ਵਿਖੇ ਸੱਦਣਾ ਵੀ ਗੈਰ ਵਾਜ਼ਬ ਹੈ। ਬਦਲਾਅ ਵਾਲੀ ਸਰਕਾਰ ਦੇ ਰਾਜ ਵਿੱਚ ਭਾਵੇਂ ਤਰੱਕੀਆਂ ਉਡੀਕਦੇ ਉਡੀਕਦੇ ਅਨੇਕਾਂ ਅਧਿਆਪਕ ਰਿਟਾਇਰ ਹੋ ਚੁੱਕੇ ਹਨ ਪਰ ਫਿਰ ਵੀ ਜਿਹੜੇ ਅਧਿਆਪਕਾਂ ਦਾ ਤਰੱਕੀਆਂ ਲਈ ਹੱਕ ਬਣਦਾ ਹੈ ਵਿਭਾਗ ਉਹਨਾਂ ਅਧਿਆਪਕਾਂ ਨੂੰ ਤਰੱਕੀਆਂ ਨਾਲ ਨਿਵਾਜੇ।
ਇਸ ਸਬੰਧੀ ਵਿਸਤ੍ਰਤ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ, ਸੀ ਐਂਡ ਵੀ ਤੋਂ ਮਾਸਟਰ ਕਾਡਰ, ਨਾਨ ਟੀਚਿੰਗ ਤੋਂ ਮਾਸਟਰ ਕਾਡਰ, ਅਦਰ ਕੈਟਾਗਰੀ ਟੀਚਰਜ਼ ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਹੈੱਡ ਮਾਸਟਰ, ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ, ਹੈੱਡ ਮਾਸਟਰ ਅਤੇ ਲੈਕਚਰਾਰ ਕਾਡਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਵੀ ਪੈਂਡਿੰਗ ਹਨ ਜਿੰਨ੍ਹਾਂ ਸਬੰਧੀ ਵਿਭਾਗ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨਾ ਕਿਹਾ ਕਿ ਬਹੁਤ ਸਾਰੇ ਅਧਿਆਪਕ ਤਰੱਕੀਆਂ ਨੂੰ ਉਡੀਕਦੇ ਉਡੀਕਦੇ ਹੀ ਆਪਣੇ ਮਨ ਦੇ ਚਾਅ ਮਨ ਵਿੱਚ ਲੈ ਕੇ ਹੀ ਲਗਾਤਾਰ ਰਿਟਾਇਰ ਹੋ ਰਹੇ ਹਨ ਅਤੇ ਤਰੱਕੀਆਂ ਨਾ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਨ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ, ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਹਨਾਂ ਲੈਕਚਰਾਰਾਂ ਦੀਆਂ ਤਰੱਕੀਆਂ ਕਰਕੇ ਇਹਨਾਂ ਅਧਿਆਪਕਾਂ ਨਾਲ ਨਿਆਂ ਕਰਦੇ ਹੋਏ ਤਰੱਕੀਆਂ ਉਡੀਕਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਅਗਲੀ ਕਾਡਰਾਂ ਵਿੱਚ ਤਰੱਕੀ ਦਿੱਤੀ ਜਾਵੇ।