ਲਖਨਊ, 21 ਮਈ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਅਧੀਨ ਮਰਦਾਹ ਥਾਣਾ ਖੇਤਰ ਦੇ ਨਰਵਰ ਪਿੰਡ ਵਿੱਚ ਧਾਰਮਿਕ ਸਮਾਰੋਹ ਦੌਰਾਨ ਟੈਂਟ ਦਾ ਪੋਲ ਲਗਾਉਂਦੇ ਸਮੇਂ ਹਾਈ ਟੈਂਸ਼ਨ ਤਾਰ ਨਾਲ ਲੱਗਣ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ।ਪੋਲ ‘ਚ ਕਰੰਟ ਆਉਣ ਤੋਂ ਬਾਅਦ ਸੱਤ ਲੋਕ ਲਪੇਟ ਵਿੱਚ ਆ ਗਏ ਅਤੇ ਬੇਹੋਸ਼ ਹੋ ਗਏ। ਸਾਰਿਆਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਮਾਊ ਦੇ ਹਸਪਤਾਲ ਲਿਜਾਇਆ ਗਿਆ।
ਹਾਈ ਟੈਂਸ਼ਨ ਤਾਰ ਦੀ ਲਪੇਟ ‘ਚ ਆਏ ਰਵਿੰਦਰ ਯਾਦਵ (28), ਗੋਰਖ ਯਾਦਵ (20), ਛੋਟੂ ਯਾਦਵ (35), ਸੰਤੋਸ਼ ਯਾਦਵ (25), ਅਮਨ ਯਾਦਵ (22), ਅਮਰੀਕਾ ਯਾਦਵ (16) ਤੇ ਜਤਿੰਦਰ ਯਾਦਵ (16) ਨੂੰ ਮਊ ਹਸਪਤਾਲ ਭੇਜਿਆ ਗਿਆ। ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ, ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਐਂਬੂਲੈਂਸ ਦੀ ਮਦਦ ਨਾਲ ਝੁਲਸੇ ਹੋਏ ਲੋਕਾਂ ਨੂੰ ਹਸਪਤਾਲ ਭੇਜਿਆ।
ਜਾਣਕਾਰੀ ਅਨੁਸਾਰ, ਮਰਦਾਹ ਥਾਣੇ ਦੇ ਪਿਪਨਾਰ ਪਿੰਡ ਵਿੱਚ ਕਾਸ਼ੀਦਾਸ ਬਾਬਾ ਦੀ ਪੂਜਾ ਦੀ ਤਿਆਰੀ ਦੌਰਾਨ ਝੰਡੇ ਲਗਾ ਰਹੇ ਸੱਤ ਲੋਕ ਹਾਈ ਟੈਂਸ਼ਨ ਤਾਰ ਦੇ ਸੰਪਰਕ ਵਿੱਚ ਆ ਗਏ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਤਿੰਨ ਲੋਕ ਗੰਭੀਰ ਰੂਪ ਵਿੱਚ ਝੁਲਸ ਗਏ।
ਮ੍ਰਿਤਕਾਂ ਵਿੱਚ ਰਵਿੰਦਰ ਯਾਦਵ, ਅਜੈ ਯਾਦਵ, ਛੋਟੇਲਾਲ, ਅਮਨ ਯਾਦਵ ਸ਼ਾਮਲ ਹਨ। ਜਦੋਂ ਕਿ ਅਮਰੀਕਾ ਯਾਦਵ, ਸੰਤੋਸ਼ ਯਾਦਵ, ਜਤਿੰਦਰ ਯਾਦਵ ਗੰਭੀਰ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਵਿੱਚੋਂ ਰਵਿੰਦਰ ਯਾਦਵ ਉੱਤਰ ਪ੍ਰਦੇਸ਼ ਪੁਲਿਸ ਵਿੱਚ ਕਾਂਸਟੇਬਲ ਸੀ। ਉਹ ਅੰਬੇਡਕਰ ਨਗਰ ਜ਼ਿਲ੍ਹੇ ਵਿੱਚ ਤਾਇਨਾਤ ਸੀ।

ਧਾਰਮਿਕ ਸਮਾਗਮ ਦੌਰਾਨ ਟੈਂਟ ‘ਚ ਕਰੰਟ ਆਉਣ ਕਾਰਨ ਕਾਂਸਟੇਬਲ ਸਣੇ ਚਾਰ ਲੋਕਾਂ ਦੀ ਮੌਤ, ਕਈ ਝੁਲਸੇ
Published on: May 21, 2025 9:49 am