ਮੋਰਿੰਡਾ 23 ਮਈ ( ਭਟੋਆ )
ਮੋਰਿੰਡਾ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਵਿੱਚ ਬਿਜਲੀ ਦੀ ਨਾਕਸ ਸਪਲਾਈ ਹੋਣ ਕਾਰਨ ਜਿੱਥੇ ਲੋਕਾਂ ਨੂੰ ਪੈ ਰਹੀ ਕੜਕਦੀ ਗਰਮੀ ਵਿੱਚ ਦਿਨ ਗੁਜ਼ਾਰਨਾ ਪੈ ਰਿਹਾ ਹੈ , ਉੱਥੇ ਹੀ ਰਾਤ ਸਮੇਂ ਲੋਕਾਂ ਨੂੰ ਮੱਛਰਾਂ ਦੇ ਰਹਿਮੋ ਕਰਮ ਤੇ ਜੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।
ਵਰਨਣਯੋਗ ਹੈ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਮੁਫਤ ਬਿਜਲੀ ਸਪਲਾਈ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਲੋਕਾਂ ਨੂੰ ਸਹੀ ਸਮੇਂ ਅਤੇ ਸਹੀ ਢੰਗ ਨਾਲ ਬਿਜਲੀ ਸਪਲਾਈ ਨਾ ਮਿਲਣ ਕਾਰਨ ਲੋਕ ਸਰਕਾਰ ਨੂੰ ਕੋਸ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਤੇ ਅਕਾਲੀ ਆਗੂ ਜਗਪਾਲ ਸਿੰਘ ਜੌਲੀ , ਅਕਾਲੀ ਆਗੂ ਜਥੇਦਾਰ ਜੁਗਰਾਜ ਸਿੰਘ ਮਾਨਖੇੜੀ, ਬਲਦੇਵ ਸਿੰਘ ਹਾਫਿਜ਼ਾਬਾਦ, ਸੁਰਜੀਤ ਸਿੰਘ ਤਾਜਪੁਰਾ ਤੇ ਲੱਖੀ ਸ਼ਾਹ ਨੇ ਦੱਸਿਆ ਕਿ ਮੋਰਿੰਡਾ ਸ਼ਹਿਰ ਦੇ ਲੋਕ , ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਦਿਨ ਅਤੇ ਰਾਤ ਸਮੇਂ ਲਗਾਏ ਜਾਂਦੇ ਅਣਐਲਾਨੇ ਲੰਮੇ ਲੰਮੇ ਬਿਜਲੀ ਕੱਟਾਂ ਤੋਂ ਬੇਹੱਦ ਦੁਖੀ ਅਤੇ ਪਰੇਸ਼ਾਨ ਹਨ। ਇਹਨਾਂ ਆਗੂਆਂ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਹਰ 4-5 ਘੰਟਿਆਂ ਬਾਅਦ ਦੋ ਘੰਟਿਆਂ ਲਈ ਲਗਾਏ ਜਾਂਦੇ ਬਿਜਲੀ ਕੱਟਾਂ ਕਾਰਨ ਜਿੱਥੇ ਆਮ ਲੋਕਾਂ ਦੇ ਕਾਰੋਬਾਰ ਤੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ , ਉੱਥੇ ਹੀ ਉਹਨਾਂ ਦੇ ਘਰਾਂ ਵਿੱਚ ਪਏ ਟੀਵੀ, ਫਰਿੱਜ ਏਅਰ ਕੰਡੀਸ਼ਨਰ , ਕੂਲਰ ਅਤੇ ਹੋਰ ਬਿਜਲਈ ਯੰਤਰ ਸ਼ੋਅਪੀਸ ਬਣ ਕੇ ਰਹਿ ਗਏ ਹਨ । ਜਿਸ ਕਾਰਨ ਘਰਾਂ ਦੀਆਂ ਔਰਤਾਂ ਵੱਲੋਂ ਫਰਿੱਜ ਵਿਚ ਰੱਖਿਆ ਹੋਇਆ ਆਟਾ, ਸਬਜ਼ੀ ਅਤੇ ਦੁੱਧ ਆਦਿ ਖਰਾਬ ਹੋ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਵਾਧੂ ਖਰਚਾ ਝੱਲਣਾ ਪੈ ਰਿਹਾ ਹੈ । ਉਨਾ ਦੱਸਿਆ ਕਿ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋ ਬਿਜਲੀ ਸਪਲਾਈ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਜਾਰੀ ਫੋਨ ਨੰਬਰ ਜਾਂ ਤਾਂ ਅਕਸਰ ਬੰਦ ਮਿਲਦਾ ਹੈ, ਜਾਂ ਸਬੰਧਿਤ ਕਰਮਚਾਰੀ ਫੋਨ ਚੁੱਕਦੇ ਹੀ ਨਹੀ।ਉਨਾ ਦੱਸਿਆ ਕਿ ਇਹੋ ਹਾਲ ਬਿਜਲੀ ਵਿਭਾਗ ਵੱਲੋ ਜਨਤਕ ਸ਼ਿਕਾਇਤਾਂ ਦਰਜ ਕਰਵਾਉਣ ਲਈ ਜਾਰੀ ਫੋਨ ਨੰਬਰ 1912 ਦੀ ਹੈ।ਉਨਾ ਦੱਸਿਆ ਕਿ ਸਥਾਨਕ ਅਨਾਜ ਮੰਡੀ ਵਿੱਚ ਪਿਛਲੇ ਤਿੰਨ ਦਿਨ ਤੋ ਬਿਜਲੀ ਦੀ ਤਾਰ ਟੁੱਟੀ ਹੋਈ ਹੈ,ਜਿਸ ਕਾਰਨ ਮੋਰਿੰਡਾ-ਸਮਰਾਲਾ ਅਤੇ ਮੋਰਿੰਡਾ ਸਰਹੰਦ ਰੋਡ ਤੇ ਵਸਦੇ 5 ਦਰਜਨ ਦੇ ਕਰੀਬ ਘਰਾਂ ਦੀ ਸਪਲਾਈ ਬੰਦ ਪਈ ਹੈ, ਪ੍ਰੰਤੂ ਬਿਜਲੀ ਬੋਰਡ ਦੇ ਐਸਡੀਓ ਤੇ ਐਕਸੀਅਨ ਦੇ ਧਿਆਨ ਵਿੱਚ ਲਿਆਉਣ ਉਪਰੰਤ ਵੀ ਮਸਲਾ ਹੱਲ ਨਹੀ ਹੋ ਸਕਿਆ ,ਜਿਸ ਕਾਰਨ ਆਮ ਪਬਲਿਕ ਸਮੇਤ ਪਸ਼ੂਆਂ ਨੂੰ ਪਾਣੀ ਪਿਲਾਉਣ ਤੇ ਨਹਾਉਣ ਵਿੱਚ ਮੁਸ਼ਕਿਲ ਆ ਰਹੀ ਹੈ, ਉੱਥੇ ਸਬਜੀਆਂ ਤੇ ਹਰੇ ਚਾਰੇ ਨੂੰ ਪਾਣੀ ਨਾ ਮਿਲਣ ਕਾਰਨ ਸਬਜੀਆਂ ਤੇ ਚਾਰਾ ਸੁੱਕਣ ਲੱਗ ਪਿਆ ਜਦਕਿ ਕਿਸਾਨਾਂ ਨੂੰ ਧਾਨ ਦੀ ਪੌਦ ਬੀਜਣ ਲਈ ਵੀ ਸਹੀ ਮਾਤਰਾ ਵਿੱਚ
ਪਾਣੀ ਨਾਂ ਮਿਲਣ ਕਾਰਨ ਕਿਸਾਨ ਪ੍ਰੇਸ਼ਾਨੀ ਵਿਚ ਹਨ।
ਇਹਨਾਂ ਆਗੂਆਂ ਨੇ ਦੱਸਿਆ ਕਿ ਪਿੰਡਾਂ ਵਿੱਚ ਹਾਲਾਤ ਸ਼ਹਿਰ ਨਾਲੋਂ ਵੀ ਜਿਆਦਾ ਮਾੜੇ ਹਨ , ਜਿੱਥੇ ਦਿਨ ਵਿੱਚ ਕਿਸੇ ਕਾਰਨ ਇੱਕ ਵਾਰੀ ਲੱਗਿਆ ਬਿਜਲੀ ਕੱਟ , ਬਿਜਲੀ ਬੋਰਡ ਦੇ ਕਰਮਚਾਰੀਆਂ ਵੱਲੋਂ ਕਈ ਕਈ ਦਿਨ ਠੀਕ ਨਹੀਂ ਕੀਤਾ ਜਾਂਦਾ , ਜਿਸ ਕਾਰਨ ਜਿੱਥੇ ਪਿੰਡਾਂ ਦੇ ਲੋਕਾਂ ਨੂੰ ਸਖਤ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਪਸ਼ੂ ਪਾਲਕਾਂ ਨੂੰ ਹੋਰ ਵੀ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਬਿਜਲੀ ਕੱਟ ਕਾਰਨ, ਸਰਕਾਰੀ ਟੂਟੀਆਂ ਵਿੱਚ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਖੇਤਾਂ ਵਿੱਚ ਲੱਗੇ ਟਿਊਬਵੈੱਲਾਂ/ ਮੋਟਰਾਂ ਆਦਿ ਤੋਂ ਆਪਣੇ ਪਰਿਵਾਰ ਅਤੇ ਪਸ਼ੂਆਂ ਲਈ ਪਾਣੀ ਲਿਆਉਣਾ ਪੈ ਰਿਹਾ ਹੈ , ਕਿਉਂਕਿ ਪਿੰਡਾਂ ਦੇ ਟੋਭਿਆਂ ਵਿੱਚ ਨਾਲੀਆਂ ਦਾ ਗੰਦਾ ਪਾਣੀ ਪੈਣ ਕਾਰਨ ਟੋਭਿਆਂ ਦਾ ਪਾਣੀ ਪਸ਼ੂਆਂ ਦੇ ਪੀਣ ਅਤੇ ਨਹਾਉਣ ਯੋਗ ਨਹੀਂ ਰਿਹਾ । ਇਸੇ ਤਰਾਂ ਬਿਜਲੀ ਨਾ ਆਉਣ ਕਾਰਨ ਪਿੰਡ ਸਮਾਣਾ ਕਲਾਂ ਦੇ ਲੋਕਾਂ ਵੱਲੋਂ ਬਿਜਲੀ ਬੋਰਡ ਦੇ ਐਸਡੀਓ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਵੀ ਦਿੱਤੀ ਗਈ ਜਿਸ ਵਿੱਚ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਸਬੰਧਤ ਜੂਨੀਅਰ ਇੰਜੀਨੀਅਰ ਵੱਲੋਂ ਉਨਾਂ ਦੇ ਪਿੰਡ ਵਿੱਚ ਬਿਜਲੀ ਦੀ ਸਪਲਾਈ ਠੀਕ ਕਰਨ ਸਬੰਧੀ ਨਾ ਤਾਂ ਪਿੰਡ ਵਾਸੀਆਂ ਦਾ ਫੋਨ ਅਟੈਂਡ ਕੀਤਾ ਜਾਂਦਾ ਹੈ ਅਤੇ ਨਾ ਹੀ ਦੋ ਦੋ ਦਿਨ ਬਿਜਲੀ ਸਪਲਾਈ ਠੀਕ ਕਰਵਾਈ ਜਾਂਦੀ ਹੈ। ਜਿਸ ਕਾਰਨ ਪਿੰਡ ਵਾਸੀਆਂ ਦੇ ਕੰਮ ਕਾਰ ਠੱਪ ਹੋ ਕੇ ਰਹਿ ਗਏ ਹਨ। ਉਧਰ ਜਦੋਂ ਇਸ ਸਬੰਧੀ ਬਿਜਲੀ ਬੋਰਡ ਦੇ ਐਸਡੀਓ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਲੋਡ ਵਧਣ ਕਾਰਨ ਪਿੱਛੋਂ ਹੀ ਬਿਜਲੀ ਕੱਟ ਲੱਗ ਰਹੇ ਹਨ , ਜਿਨਾਂ ਵਿੱਚ ਸੁਧਾਰ ਕਰਨ ਲਈ ਉੱਚ ਪੱਧਰ ਤੇ ਕੰਮ ਚੱਲ ਰਿਹਾ ਹੈ।