ਚੰਡੀਗੜ੍ਹ, 24 ਮਈ, ਦੇਸ਼ ਕਲਿੱਕ ਬਿਓਰੋ :
ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਮਾਂ ਦੀ ਬਰਸੀ ਮੌਕੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਸੁਖਬੀਰ ਬਾਦਲ ਨੇ ਲਿਖਿਆ :-
ਸੁਣਦੇ ਆਏ ਹਾਂ ਕਿ ਮਾਂ ਇਕ ਅਜਿਹਾ ਘਣਛਾਵਾਂ ਬੂਟਾ ਹੈ ਜਿਸ ਤੋਂ ਛਾਂ ਉਧਾਰੀ ਲੈਕੇ ਹੀ ਰੱਬ ਨੇ ਸੁਰਗ ਬਣਾਏ। ਹਰ ਬੱਚੇ ਲਈ ਉਸਦੀ ਮਾਂ ਜ਼ਿੰਦਗੀ ਦਾ ਸੋਮਾ ਵੀ ਹੁੰਦੀ ਹੈ ਤੇ ਜ਼ਿੰਦਗੀ ਦਾ ਸਭ ਤੋਂ ਅਡਿੱਗ ਆਸਰਾ ਵੀ। ਮੇਰੀ ਜ਼ਿੰਦਗੀ ਵਿੱਚ ਇਹ ਅਖਾਣ ਇਕ ਪਵਿੱਤਰ ਸੱਚ ਵਾਂਗ ਨਿਖਰ ਕੇ ਸਾਹਮਣੇ ਆਇਆ। ਮੇਰੇ ਸਤਿਕਾਰਯੋਗ ਪਿਤਾ ਸ. ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਨੇ ਆਪਣਾ ਸਾਰਾ ਜੀਵਨ ਪੰਥ ਤੇ ਪੰਜਾਬ ਦੀ ਅਣਥੱਕ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਸੀ ਅਤੇ ਇਸੇ ਸੇਵਾ ਵਿੱਚ ਹੀ ਉਹ ਹਮੇਸ਼ਾਂ ਰੁੱਝੇ ਰਹੇ। ਮੇਰੇ ਬਚਪਨ ਤੇ ਜਵਾਨੀ ਦਾ ਵੱਡਾ ਹਿੱਸਾ ਵੀ ਉਹਨਾਂ ਨੂੰ ਕਦੇ ਮੋਰਚਿਆਂ ਤੇ ਕਦੇ ਜੇਲ੍ਹਾਂ ਵਿੱਚ ਹੀ ਬਿਤਾਉਂਦੇ ਵੇਖਦਿਆਂ ਗੁਜ਼ਰਿਆ। ਇਸ ਲਈ ਮੇਰੀ ਅਤੇ ਮੇਰੇ ਭੈਣ ਜੀ ਦੀ ਪੂਰੀ ਪਰਵਰਿਸ਼ ਮੇਰੇ ਮਾਤਾ ਜੀ ਦੇ ਨਿੱਘੇ ਤੇ ਨਿਰਸੁਆਰਥ ਪਿਆਰ ਤੇ ਉਹਨਾਂ ਦੇ ਠਰੰਮੇ ਵਾਲੇ ਤੇ ਸੂਝਵਾਨ ਸਾਏ ਹੇਠ ਹੀ ਗੁਜ਼ਰੀ। ਪੂਰੀ ਪਰਿਵਾਰਕ ਜ਼ਿੰਮੇਵਾਰੀ ਦਾ ਬੋਝ ਖਿੜੇ ਮੱਥੇ ਪਰਵਾਨਦੇ ਹੋਏ ਵੀ, ਬੀਬੀ ਜੀ ਇਲਾਕੇ ਦੇ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਹਮੇਸ਼ਾਂ ਹਾਜ਼ਰ ਰਹੇ। ਇਸੇ ਕਾਰਨ ਉਹ ਬਾਦਲ ਸਾਬ੍ਹ ਦੇ ਬੇਮਿਸਾਲ ਜਨਤਕ ਜੀਵਨ ਵਿਚ ਇੱਕ ਅਦਿੱਖ ਚੱਟਾਨ ਬਣ ਕੇ ਖੜ੍ਹੇ ਰਹੇ। ਅੱਜ ਬੀਬੀ ਦੀ ਬਰਸੀ ਮੌਕੇ ਜੇ ਉਨ੍ਹਾਂ ਦੀ ਯਾਦ ਵਿਚ ਮੇਰੀ ਅੱਖ ਨਮ ਹੈ ਤਾਂ ਇਸਦੇ ਨਾਲ ਹੀ ਮੇਰੇ ਦਿਲ ਨੂੰ ਇਹ ਗੱਲ ਦਾ ਵੱਡਾ ਧਰਵਾਸ ਵੀ ਹੈ ਕਿ ਉਨ੍ਹਾਂ ਨੇ ਸਾਨੂੰ ਹਮੇਸ਼ਾ ਔਖੇ ਵੇਲਿਆਂ ਦਾ ਦ੍ਰਿੜਤਾ ਅਤੇ ਅਡੋਲਤਾ ਨਾਲ ਸਾਹਮਣਾ ਕਰਨਾ ਸਿਖਾਇਆ। ਅੱਜ ਮੈਂ ਜੋ ਵੀ ਹਾਂ, ਇਹ ਉਨ੍ਹਾਂ ਦੀ ਹਿੰਮਤ, ਪਿਆਰ ਅਤੇ ਪਰਵਰਿਸ਼ ਦੀ ਬਦੌਲਤ ਹੀ ਹਾਂ। ਭਾਵੇਂ ਬੀਬੀ ਜੀ ਅੱਜ ਇਸ ਸੰਸਾਰ ‘ਚ ਨਹੀਂ ਹਨ, ਪਰ ਉਨ੍ਹਾਂ ਦੇ ਦਿੱਤੇ ਸੰਸਕਾਰ ਅਤੇ ਸਬਕ ਮੇਰੇ ਜੀਵਨ ਦਾ ਅਟੁੱਟ ਹਿੱਸਾ ਹਨ।