ਅੰਮ੍ਰਿਤਸਰ, 24 ਮਈ- ਦੇਸ਼ ਕਲਿੱਕ ਬਿਓਰੋ
ਉੱਤਰ ਪ੍ਰਦੇਸ਼ ਦੇ ਪੀਲੀਭੀਤ ’ਚ ਸਿੱਖ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਧਰਮ ਪਰਿਵਰਤਨ ਕਰਨ ਦੇ ਸਾਹਮਣੇ ਆਏ ਮਾਮਲੇ ’ਤੇ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੀ ਚਿੰਤਾ ਪ੍ਰਗਟਾਈ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਪੈਰੋਕਾਰਾਂ ਦਾ ਲਾਲਚ ਦੇ ਕੇ ਜਬਰਦਸਤੀ ਧਰਮ ਤਬਦੀਲ ਕਰਵਾਉਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮਿਲ ਰਹੀ ਜਾਣਕਾਰੀ ਅਨੁਸਾਰ ਭਾਰਤ ਨੇਪਾਲ ਦੇ ਸਰਹੱਦੀ ਖੇਤਰ ਅੰਦਰ ਕੁਝ ਪਿੰਡਾਂ ਵਿਚ ਵੱਸਦੇ ਪਰਿਵਾਰਾਂ ਨੂੰ ਦਬਾਅ, ਲਾਲਚ ਤੇ ਬਿਮਾਰੀ ਦੇ ਇਲਾਜ ਦੇ ਝੂਠੇ ਵਾਅਦਿਆਂ ਦੁਆਰਾ ਅਗਿਆਨਤਾ ਤੇ ਭਰਮਜਾਲ ਦੇ ਤਹਿਤ ਗੁਮਰਾਹ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਭਾਵੇਂ ਬਹੁਤ ਸਾਰੇ ਪਰਿਵਾਰਾਂ ਨੇ ਧਰਮ ਤਬਦੀਲੀ ਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ, ਪਰੰਤੂ ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਮਿਸ਼ਨ ਉੱਤਰ ਪ੍ਰਦੇਸ਼ ਦੇ ਇੰਚਾਰਜ ਦੀ ਅਗਵਾਈ ਹੇਠ ਪ੍ਰਚਾਰਕ ਸਿੰਘਾਂ ਦੀ ਇਕ ਟੀਮ ਭੇਜੀ ਜਾ ਰਹੀ ਹੈ, ਜੋ ਮਾਮਲੇ ਦੀ ਪੜਤਾਲ ਕਰਕੇ ਮੁਕੰਮਲ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਭੇਜੇਗੀ। ਉਨ੍ਹਾਂ ਸਰਕਾਰਾਂ ਨੂੰ ਵੀ ਕਿਹਾ ਕਿ ਅਜਿਹੇ ਲੋਭ, ਲਾਲਚ ਦੇ ਕੇ ਧਰਮ ਪਰਿਵਰਤਨ ਦੀਆਂ ਹਰਕਤਾਂ ਕਰਨ ਵਾਲੇ ਲੋਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।

ਪੀਲੀਭੀਤ ’ਚ ਧਰਮ ਪਰਿਵਰਤਨ ਦੇ ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਕਮੇਟੀ ਭੇਜੇਗੀ ਪੜਤਾਲੀਆ ਟੀਮ
Published on: May 24, 2025 6:20 pm