ਮੋਹਾਲੀ ‘ਚ ਬਾਹਰੋਂ ਆਏ ਸ਼ੱਕੀ ਟ੍ਰਾਂਸਜੈਂਡਰਾਂ ਦਾ ਵਧਿਆ ਨਜਾਇਜ਼ “ਵਸੂਲੀ ਆਤੰਕ”

Published on: May 24, 2025 9:55 am

ਪੰਜਾਬ

ਅਪਰਾਧੀਆਂ ਵੱਲੋਂ ਟ੍ਰਾਂਸਜੈਂਡਰਾਂ ਦੀ ਆੜ ਵਿਚ ਛੁਪਾਈ ਜਾ ਰਹੀ ਆਪਣੀ ਪਹਿਚਾਣ : ਕਾਜਲ ਮੰਗਲਮੁੱਖੀ

ਮੋਹਾਲੀ, 24 ਮਈ, ਦੇਸ਼ ਕਲਿੱਕ ਬਿਓਰੋ :

ਮੋਹਾਲੀ ‘ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟ੍ਰਾਂਸਜੈਂਡਰ ਪੂਜਾ ਉਰਫ ਸ਼ਾਕਿਰ ਅਤੇ ਉਸ ਦੀ ਕਥਿਤ ਜੁੰਡਲੀ ਵੱਲੋਂ “ਵਧਾਈ” ਦੇ ਨਾਂ ‘ਤੇ ਆਮ ਲੋਕਾਂ ਤੋਂ ਜ਼ਬਰਨ ਵਸੂਲੀ ਕਰਨ ਅਤੇ ਗੁੰਡਾਗਰਦੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ। ਬੀਤੇ ਇੱਕ ਮਹੀਨੇ ਤੋਂ ਖਰੜ ਸਥਿਤ ਜਨਤਾ ਚੌਕ ਇਲਾਕਾ ਨਿਵਾਸੀ ਇਸ ਮਾਨਸਿਕ ਅਤੇ ਸਮਾਜਿਕ ਉਤਪੀੜਨ ਸਦਕਾ ਬੇਹੱਦ ਪ੍ਰੇਸ਼ਾਨ ਹਨ। ਹੁਣ ਇਸ ਬਾਹਰੀ ਅਤੇ ਸ਼ੱਕੀ ਜੁੰਡਲੀ ਨੇ ਆਪਣੇ ਪੈਰ ਮੋਹਾਲੀ ਤੱਕ ਪਸਾਰ ਲਏ ਹਨ। ਇਹ ਦਾਅਵਾ ਟ੍ਰਾਂਸਜੈਂਡਰ ਕਾਲਜ ਮੰਗਲਮੁਖੀ ਅਤੇ ਉਹਨਾਂ ਦੀ ਟੀਮ ਵਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ ਹੈ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਾਜਲ ਮੰਗਲਮੁਖੀ (ਚੇਲਾ ਸਵ. ਨੀਲਮ ਮਹੰਤ) ਨੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਪੂਜਾ ਉਰਫ ਸ਼ਾਕਿਰ, ਜੋ ਅਸਲ ਵਿੱਚ ਸਾਹਰਨਪੁਰ (ਯੂ.ਪੀ.) ਦੀ ਨਿਵਾਸੀ ਹੈ। ਇਸ ਵੱਲੋਂ ਪੰਜਾਬ ਵਿਚ ਆ ਕੇ ਕੀਤੀਆਂ ਗਈਆਂ ਗਤੀਵਿਧੀਆਂ ਕਾਰਨ ਇਸ ਖਿਲਾਫ ਪਹਿਲਾਂ ਹੀ ਕਈ ਆਪਰਾਧਿਕ ਮਾਮਲੇ ਦਰਜ ਹਨ। ਇਸ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦੀ ਕਥਿਤ ਅਣਦੇਖੀ ਸਦਕਾ, ਉਸ ਖਿਲਾਫ ਹੁਣ ਤੱਕ ਕੋਈ ਬਣਦੀ ਕਾਰਵਾਈ ਨਹੀਂ ਹੋਈ। ਇਸਦਾ ਫਾਇਦਾ ਉਠਾਉਂਦਿਆਂ ਹੁਣ ਪੂਜਾ ਨੇ ਮੋਹਾਲੀ ਇਲਾਕੇ ‘ਚ ਵੀ ਆਪਣੀ ਟੋਲੀ ਭੇਜਣੀ ਸ਼ੁਰੂ ਕਰ ਦਿੱਤੀ ਹੈ ਅਤੇ ਆਮ ਲੋਕਾਂ ਨਾਲ ਬਦਤਮੀਜ਼ੀ ਕਰਕੇ ਜ਼ਬਰਨ ਪੈਸੇ ਵਸੂਲੀ ਕਰਨ ਦੀਆਂ ਸ਼ਿਕਾਇਤਾਂ ਵੱਧਦੀਆਂ ਜਾ ਰਹੀਆਂ ਹਨ। ਲੋਕਾਂ ਵੱਲੋਂ ਪੈਸੇ ਨਾ ਦੇਣ ਦੀ ਸੂਰਤ ਵਿਚ ਉਹ ਉਹਨਾਂ ਦੇ ਘਰ ਵਿਚ ਹੀ ਪਰਿਵਾਰ ਸਾਹਮਣੇ ਧਮਕੀਆਂ ਦਿੰਦੇ ਹਨ ਅਤੇ ਮੂੰਹ-ਮੰਗੀ ਰਕਮ ਨਾ ਮਿਲਣ ਉਤੇ ਕੱਪੜੇ ਤੱਕ ਉਤਾਰ ਕੇ ਉਹਨਾਂ ਨੂੰ ਜ਼ਲੀਲ ਤੱਕ ਕਰਦੇ ਹਨ। ਇਹ ਆਤੰਕ ਇੰਨਾ ਵੱਧ ਚੁੱਕਾ ਹੈ ਕਿ ਹੁਣ ਆਮ ਇੱਜ਼ਤਦਾਰ ਲੋਕ ਇਹਨਾਂ ਤੋਂ ਡਰਨ ਲੱਗ ਪਏ ਹਨ। ਉਹਨਾਂ ਸ਼ੱਕ ਜ਼ਾਹਿਰ ਕੀਤਾ ਕਿ ਪੂਜਾ ਉਰਫ ਸ਼ਾਕਿਰ ਦੇ ਘਰ ਵਿਚ ਕੁਝ ਬੰਗਲਾਦੇਸ਼ੀ ਟ੍ਰਾਂਸਜੈਂਡਰ ਵੀ ਰਹਿ ਰਹੇ ਹਨ ਜਾਂ ਰਹਿ ਚੁੱਕੇ ਹਨ, ਜੋ ਸੁਰੱਖਿਆ ਦੇ ਲਿਹਾਜ਼ ਨਾਲ ਇਕ ਗੰਭੀਰ ਮੁੱਦਾ ਹੈ।
ਇਸ ਦੌਰਾਨ ਕਾਜਲ ਮੰਗਲਮੁਖੀ (ਚੇਲਾ ਸਵ. ਨੀਲਮ ਮਹੰਤ) ਨੇ ਦੱਸਿਆ ਕਿ ਉਹਨਾਂ ਦੀ ਟੋਲੀ, ਜੋ ਕਿ ਮੋਹਾਲੀ ਇਲਾਕੇ ‘ਚ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ‘ਵਧਾਈ ਪਰੰਪਰਾਵਾਂ’ ਨਿਭਾਅ ਰਹੀਆਂ ਹਨ। ਉਨ੍ਹਾਂ ਖਦਸ਼ਾ ਜ਼ਾਹਿਰ ਕੀਤਾ ਕਿ ਹੁਣ ਉਹਨਾਂ ਦੀ ਟੋਲੀ ਨੂੰ ਉਕਤ ਪੂਜਾ ਵੱਲੋਂ ਕਥਿਤ ਧਮਕੀਆਂ ਮਿਲਣ ਕਾਰਨ ਜਾਨ-ਮਾਲ ਦਾ ਖ਼ਤਰਾ ਪੈਦਾ ਹੋ ਗਿਆ ਹੈ। ਕਾਜਲ ਨੇ ਅੱਗੇ ਕਿਹਾ ਕਿ ਉਹਨਾਂ ਦੀ ਟੋਲੀ, ਆਮ ਲੋਕਾਂ ਦੀ ਇੱਛਾ ਮੁਤਾਬਕ ਹੀ ਵਧਾਈ ਲੈਂਦੀ ਹੈ ਅਤੇ ਮੋਹਾਲੀ ਵਾਸੀਆਂ ਨੇ ਵੀ ਉਹਨਾਂ ਨੂੰ ਕਾਫੀ ਪਿਆਰ ਅਤੇ ਇੱਜ਼ਤ ਦਿੱਤੀ ਹੈ। ਉਹਨਾਂ ਕਿਹਾ ਕਿ ਸਾਡਾ ਉਦੇਸ਼ ਆਮ ਲੋਕਾਂ ਨੂੰ ਇਸ ਲੋਟੂ ਗਿਰੋਹ ਤੋਂ ਸੁਚੇਤ ਕਰਨਾ ਅਤੇ ਆਪਣੇ ਪਰਿਵਾਰਕ ਸੁਰੱਖਿਆ ਯਕੀਨੀ ਬਣਾਉਣਾ ਹੈ। ਨਾਲ ਹੀ ਕਾਜਲ ਨੇ ਕਿਹਾ ਕਿ ਉਸ ਨੂੰ ਆਪਣੇ ਕਿੰਨਰ ਹੋਣ ਉਤੇ ਮਾਣ ਹੈ, ਕਿਉਂਕਿ ਉਹ ਇਕੋ ਸਮੇਂ ਆਦਮੀ-ਔਰਤ ਦੀ ਜ਼ਿੰਦਗੀ ਜੀਅ ਰਹੀ ਹੈ।
ਇਸ ਦੌਰਾਨ ਕਾਜਲ ਮੰਗਲਮੁਖੀ ਅਤੇ ਉਨ੍ਹਾਂ ਦੀ ਟੋਲੀ ਨੇ ਆਮ ਲੋਕਾਂ ਨੂੰ ਪੂਜਾ ਅਤੇ ਉਸ ਦੀ ਟੋਲੀ ਦੀਆਂ ਸਰਗਰਮੀਆਂ ਤੋਂ ਸਾਵਧਾਨ ਕੀਤਾ ਹੈ।
ਕਾਜਲ ਮੰਗਲਮੁਖੀ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰਾਂਸਜੈਂਡਰ ਪੂਜਾ ਉਰਫ ਸ਼ਾਕਿਰ ਅਤੇ ਉਸਦੀ ਦੀ ਜੁੰਡਲੀ ਦੇ ਵੱਧਦੇ ਕਥਿਤ “ਵਧਾਈ ਆਤੰਕ” ਖਿਲਾਫ਼ ਤੁਰੰਤ ਕਾਰਵਾਈ ਕਰੇ ਅਤੇ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਤੋਂ ਬਚਾਇਆ ਜਾਵੇ।
ਇਸ ਮੌਕੇ ਉਹਨਾਂ ਨਾਲ ਓਸ਼ੀਨ, ਵਿਸ਼ਵਪ੍ਰੀਤ, ਛਾਇਆ ਅਤੇ ਧਨਾਂਨਜੇ ਚੌਹਾਨ ਹਾਜ਼ਰ ਸਨ।
ਇਸ ਦੌਰਾਨ ਜਦੋਂ ਉਕਤ ਟ੍ਰਾਂਸਜੈਂਡਰ ਪੂਜਾ ਉਰਫ ਸ਼ਾਕਿਰ ਦੇ ਮੋਬਾਇਲ ਉਤੇ ਵਾਰ ਵਾਰ ਸੰਪਰਕ ਕੀਤਾ ਗਿਆ ਤਾਂ ਉਸਨੇ ਮੋਬਾਇਲ ਉਠਾਉਣਾ ਜ਼ਰੂਰੀ ਨਹੀਂ ਸਮਝਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।