ਪਿਛਲੇ ਸਾਲ ਸ਼ੋਪੀਆਂ ਵਿੱਚ ਪੰਜਾਬੀ ਮੇਜਰ ਨੇ ਮਾਰਿਆ ਸੀ ਵੱਡੇ ਅੱਤਵਾਦੀ, ਕੁੱਲ ਛੇ ਵੱਖ ਵੱਖ ਆਪਰੇਸ਼ਨਾਂ ਦੀ ਅਗਵਾਈ ਕਰਦੇ ਮਾਰੇ ਨੌ ਅੱਤਵਾਦੀ
ਗੁਰਦਾਸਪੁਰ: 25 ਮਈ, ਨਰੇਸ਼ ਕੁਮਾਰ
ਮੇਜਰ ਤ੍ਰਿਪਤ ਪ੍ਰੀਤ ਸਿੰਘ 34 ਰਾਸ਼ਟਰੀ ਰਾਈਫਲ ਜਾਟ ਰੈਜਮੈਂਟ ਦਾ ਅਜਿਹਾ ਫੌਜੀ ਅਫਸਰ ਜਿਸ ਨੇ ਪਿਛਲੇ ਸਾਲ ਜੰਮੂ ਕਸ਼ਮੀਰ ਦੇ ਸ਼ੋਪੀਆ ਵਿੱਚ ਇੱਕ ਏ ਕੈਟਾਗਰੀ ਦੇ ਅੱਤਵਾਦੀ ਨੂੰ ਮਾਰਿਆ ਸੀ। ਇਸ ਤੋਂ ਇਲਾਵਾ ਛੇ ਵੱਖ-ਵੱਖ ਆਪਰੇਸ਼ਨਾਂ ਦੀ ਅਗਵਾਈ ਕਰਦੇ ਹੋਏ ਇਸ ਪੰਜਾਬੀ ਗੱਭਰੂ ਨੇ ਕੁੱਲ 9 ਚੋਟੀ ਦੇ ਅੱਤਵਾਦੀਆਂ ਨੂੰ ਮਾਰ ਕੇ ਦੇਸ਼ ਵਾਸੀਆਂ ਦੀ ਸੁਰੱਖਿਆ ਵਿੱਚ ਇੱਕ ਅਹਿਮ ਰੋਲ ਨਿਭਾਇਆ ਸੀ । ਬੀਤੇ ਦਿਨ ਭਾਰਤ ਦੀ ਮਾਨਯੋਗ ਰਾਸ਼ਟਰਪਤੀ ਵੱਲੋਂ ਗੁਰਦਾਸਪੁਰ ਦੇ ਪਿੰਡ ਖਾਨ ਮਲੱਕ ਦੇ ਰਹਿਣ ਵਾਲੇ ਮੇਜਰ ਤ੍ਰਿਪਤ ਪ੍ਰੀਤ ਸਿੰਘ ਨੂੰ ਸ਼ੋਰਿਆ ਚੱਕਰ (Shaurya Chakra) ਨਾਲ ਸਨਮਾਨਿਤ ਕੀਤਾ ਗਿਆ । ਅੱਜ ਮੇਜਰ ਤ੍ਰਿਪਤ ਆਪਣੇ ਪਿੰਡ ਵਾਪਸ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਜ਼ੋਰਦਾਰ ਢੰਗ ਨਾਲ ਉਹਨਾਂ ਦਾ ਸਵਾਗਤ ਕੀਤਾ। ਉੱਥੇ ਹੀ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਮੇਜਰ ਤ੍ਰਿਪਤ ਦੀ ਬਹਾਦਰੀ ਤੇ ਮਾਨ ਮਹਿਸੂਸ ਹੋ ਰਿਹਾ ਹੈ।
ਗੱਲਬਾਤ ਦੌਰਾਨ ਮੇਜਰ ਤ੍ਰਿਪਤ ਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮੁੱਢਲੀ ਸਿੱਖਿਆ ਸੈਂਟਰਲ ਸਕੂਲ ਕਪੂਰਥਲਾ ਤੋਂ ਮੁਕੰਮਲ ਹੋਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਐਨ ਡੀ ਏ ਰਾਹੀ ਭਾਰਤੀ ਫੌਜ ਰਾਹੀਂ ਦੇਸ਼ ਸੇਵਾ ਸ਼ੁਰੂ ਕੀਤੀ । ਇਸ ਦੌਰਾਨ ਉਹਨਾਂ ਨੂੰ ਕਈ ਆਪਰੇਸ਼ਨਾਂ ਵਿੱਚ ਅਗਵਾਈ ਕਰਨ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਇਹਨਾਂ ਆਪਰੇਸ਼ਨਾਂ ਨੂੰ ਬਖੂਬੀ ਅੰਜਾਮ ਦਿੱਤਾ । ਸਭ ਤੋਂ ਵੱਡੀ ਕਾਮਯਾਬੀ ਪਿਛਲੇ ਸਾਲ ਸ਼ੋਪੀਆਂ ਵਿਖੇ ਇੱਕ ਏ ਕਲਾਸ ਦੇ ਅੱਤਵਾਦੀ ਨੂੰ ਮਾਰ ਕੇ ਹਾਸਲ ਹੋਈ ਜਿਸ ਦੇ ਲਈ ਉਹਨਾਂ ਨੂੰ ਮਾਨਯੋਗ ਰਾਸ਼ਟਰਪਤੀ ਵੱਲੋਂ ਬੀਤੇ ਦਿਨ ਸੋਰਿਆ ਚੱਕਰ (Shaurya Chakra) ਨਾਲ ਨਿਵਾਜਿਆ ਗਿਆ ਹੈ।ਉੱਥੇ ਹੀ ਤ੍ਰਿਪਤ ਪ੍ਰੀਤ ਸਿੰਘ ਦੀ ਪਤਨੀ ਸੀਰਤ ਅਤੇ ਉਨਾਂ ਦੇ ਪਿਤਾ ਹਰਦਿਆਲ ਸਿੰਘ ਪੱਡਾ ਨੇ ਕਿਹਾ ਕਿ ਉਹਨਾਂ ਨੂੰ ਤ੍ਰਿਪਤ ਸਿੰਘ ਦੀ ਬਹਾਦਰੀ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।