ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਰਾਮਵੀਰ ਨੇ ਨਾਭਾ ‘ਚ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਉੱਚੀਆਂ ਉਡਾਰੀਆਂ ਮਾਰਨ ਲਈ ਪ੍ਰੇਰਿਆ

Published on: May 25, 2025 9:15 am

ਸਿੱਖਿਆ \ ਤਕਨਾਲੋਜੀ

ਨਾਭਾ, 24 ਮਈ: ਦੇਸ਼ ਕਲਿੱਕ ਬਿਓਰੋ
ਸੂਚਨਾ ਅਤੇ ਲੋਕ ਸੰਪਰਕ ਵਿਭਾਗ ਤੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਸ੍ਰੀ ਰਾਮਵੀਰ ਨੇ ਕੱਲ੍ਹ ਸ਼ਨੀਵਾਰ ਨੂੰ ਸਕੂਲੀ ਵਿਦਿਆਰਥੀਆਂ ਨੂੰ ਮਿੱਥੇ ਟੀਚਿਆਂ ਤੱਕ ਪੁੱਜਣ ਲਈ ਆਪਣੀ ਅਸਲੀ ਤਾਕਤ ਪਛਾਣ ਕੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਹ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲਕਦਮੀ ‘School mentorship’ ਪ੍ਰੋਗਰਾਮ ਤਹਿਤ ਨਾਭਾ ਦੇ ਸਕੂਲ ਆਫ਼ ਐਮੀਨੈਂਸ (ਲੜਕਿਆਂ ਦਾ ਸਕੂਲ) ਵਿਖੇ ਵਿਦਿਆਰਥੀਆਂ ਦੇ ਮੈਂਟਰ ਵਜੋਂ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸ੍ਰੀ ਰਾਮਵੀਰ ਨੇ ਪਟਿਆਲਾ ਜ਼ਿਲ੍ਹੇ ‘ਚ ਡਿਪਟੀ ਕਮਿਸ਼ਨਰ ਵਜੋਂ ਨਿਭਾਈ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਕਰੀਬ ਪਿੰਡ ਦਾ ਦੌਰਾ ਕੀਤਾ ਹੋਇਆ ਹੈ ਜਿਸ ਕਰਕੇ ਇਹ ਵਿਦਿਆਰਥੀ ਉਨ੍ਹਾਂ ਲਈ ਨਵੇਂ ਨਹੀਂ ਹਨ, ਇਸ ਲਈ ਸਾਰੇ ਬੱਚੇ ਆਪਣੀ ਸ਼ਖ਼ਸੀਅਤ ਉਸਾਰੀ ਲਈ ਉਨ੍ਹਾਂ ਸਮੇਤ ਆਪਣੇ ਅਧਿਆਪਕਾਂ ਨੂੰ ਵੀ ਬਿਨ੍ਹਾਂ ਝਿਜਕੇ ਵੱਧ ਤੋਂ ਵੱਧ ਸਵਾਲ ਪੁੱਛਣ ਲਈ ਅੱਗੇ ਆਉਣ।
ਕਈ ਵਿਦਿਆਰਥੀਆਂ ਵੱਲੋਂ IAS ਤੇ PCS ਬਣਨ ਦੀ ਇੱਛਾ ਜਾਹਰ ਕਰਨ ‘ਤੇ ਸ੍ਰੀ ਰਾਮਵੀਰ ਨੇ ਬੱਚਿਆਂ ਨੂੰ ਸਵੇਰੇ ਸੁਵੱਖਤੇ ਉਠਣ ਦੀ ਆਦਤ ਪਾਉਣ ਸਮੇਤ ਸਫ਼ਲਤਾ ਦੇ ਗੁਰ ਦੱਸਦਿਆਂ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ ਜਿਸ ਨਾਲ ਉਹ ਸਰੀਰਕ ਤੇ ਦਿਮਾਗੀ ਤੌਰ ‘ਤੇ ਤੰਦਰੁਸਤ ਰਹਿਣਗੇ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਅਸੀਮ ਮੌਕੇ ਹਨ, ਜਿਨ੍ਹਾਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਮਿਹਨਤ ਕਰਨ, ਦ੍ਰਿੜ ਨਿਸ਼ਚਾ ਧਾਰਨ ਅਤੇ ਆਰਾਮ ਪ੍ਰਸਤੀ ਨੂੰ ਤਿਆਗਣ ਦੀ ਲੋੜ ਹੋਵੇਗੀ। ਉਨ੍ਹਾਂ ਸੱਦਾ ਦਿੱਤਾ ਕਿ ਬੱਚੇ ਇਸ Mentorship programme ਤੋਂ ਮਾਰਗਦਰਸ਼ਨ ਲੈਕੇ ਆਪਣੀ ਅਸਲੀ ਤਾਕਤ ਪਛਾਣਨ ਤੇ ਮਿੱਥੇ ਨਿਸ਼ਾਨੇ ਹਾਸਲ ਕਰਨ ਲਈ ਜੁੱਟ ਜਾਣ।
ਸੀਨੀਅਰ IAS ਅਧਿਕਾਰੀ ਸ੍ਰੀ ਰਾਮਵੀਰ ਨੇ 1991 ‘ਚ ਆਪਣੇ 10 ਕਿਲੋਮੀਟਰ ਦੂਰ ਸਕੂਲ ਜਾਣ ਸਮੇਂ ਦੀ ਕਹਾਣੀ ਸੁਣਾਉਂਦਿਆਂ ਦੱਸਿਆ ਕਿ ਇੱਕ ਦਿਨ ਬੱਸਾਂ ਦੀ ਹੜਤਾਲ ਦੇ ਬਾਵਜੂਦ ਉਸਨੂੰ ਕਿਸੇ ਅੰਦਰੂਨੀ ਤਾਕਤ ਨੇ ਪੈਦਲ ਚੱਲ ਕੇ ਸਕੂਲ ਜਾਣ ਲਈ ਪ੍ਰੇਰਿਆ ਅਤੇ ਅੱਜ ਉਸੇ ਤਾਕਤ ਨੇ ਹੀ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ।
ਸ੍ਰੀ ਰਾਮਵੀਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸ਼ੁਰੂ ਕੀਤੀ ਸਕੂਲ ਮੈਂਟਰਸ਼ਿਪ ਪ੍ਰੋਗਰਾਮ ਦੀ ਨਿਵੇਕਲੀ ਪਹਿਲਕਦਮੀ ਪੰਜਾਬ ਸਰਕਾਰ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਨਾਭਾ ਦੇ ਇਸ ਸਕੂਲ ਦੀ ਵਿਰਾਸਤੀ ਇਮਾਰਤ ਨੂੰ ਹੋਰ ਖੂਬਸੂਰਤ ਬਣਾਉਣ ਤੇ ਸਕੂਲ ਦੀ ਤਰੱਕੀ ਲਈ ਉਹ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਗੇ।
ਵਿਦਿਆਰਥੀਆਂ ਨੂੰ ਹੋਰ ਵਧੇਰੇ ਜਾਣਨ ਦੀ ਜਿਗਿਆਸਾ ਪੈਦਾ ਕਰਨ ਲਈ ਪ੍ਰੇਰਿਤ ਕਰਦਿਆਂ ਸ੍ਰੀ ਰਾਮਵੀਰ ਨੇ ਕਿਹਾ ਕਿ ਪੜ੍ਹਾਈ ‘ਚ ਮਿਹਨਤ ਦੇ ਨਾਲ-ਨਾਲ ਚੰਗੀਆਂ ਆਦਤਾਂ ਬਹੁਤ ਵੱਡੀ ਭੂਮਿਕਾ ਨਿਭਾਉਂਦੀਆਂ ਹਨ, ਇਸ ਲਈ ਹਰ ਵਿਦਿਆਰਥੀ ਚੰਗੀਆਂ ਆਦਤਾਂ ਰੋਜ਼ਾਨਾ ਗ੍ਰਹਿਣ ਕਰਨਾ ਨੇਮ ਬਣਾਉਣ। ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਤਰਜੀਹਾਂ ਮਿੱਥਕੇ ਪਸੰਦੀਦਾ ਸਬਜੈਕਟ ਵਿੱਚ ਮਿਹਨਤ ਕਰਨ ਲਈ ਵੀ ਪ੍ਰੇਰਿਤ ਕੀਤਾ।
ਸਕੂਲ ਆਫ਼ ਐਮੀਨੈਂਸ ਨਾਭਾ ਦੇ ਪ੍ਰਿੰਸੀਪਲ ਰਮਨਦੀਪ ਮਦਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਸ੍ਰੀ ਰਾਮਵੀਰ ਨੂੰ ਉਨ੍ਹਾਂ ਦੇ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਲਈ ਤਾਇਨਾਤ ਕੀਤਾ ਹੈ। ਇਸ ਮੌਕੇ ਐਸ.ਡੀ.ਐਮ. ਨਾਭਾ ਡਾ. ਇਸਮਤ ਵਿਜੇ ਸਿੰਘ, ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।


ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।