ਵਿੱਤ ਮੰਤਰੀ ਨੇ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦਿੱਤੀ ਗ੍ਰਾਂਟ ਅਤੇ ਜਲਦ ਇਮਾਰਤ ਬਣਾਉਣ ਦਾ ਵਾਅਦਾ
ਮੋਹਾਲੀ, 26 ਮਈ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਮੋਹਾਲੀ ਪ੍ਰੈਸ ਕਲੱਬ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਮੋਹਾਲੀ ਪ੍ਰੈਸ ਕਲੱਬ ਦੀ ਸਾਲ ਦੇ ਅੰਦਰ-ਅੰਦਰ ਯਕੀਨੀ ਤੌਰ ਉਤੇ ਇਮਾਰਤ ਬਣਾਉਣ ਲਈ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਇਸ ਦਾ ਠੋਸ ਹੱਲ ਕਰਵਾਉਣ ਦਾ ਐਲਾਨ ਕੀਤਾ।
ਅੱਜ ਇਥੇ ਫੇਜ਼ -5 ਸਥਿਤ ਹੋਟਲ ਜੌਡੀਐਕ ਵਿਖੇ ਮੋਹਾਲੀ ਪ੍ਰੈਸ ਕਲੱਬ ਦੇ ਕਰਵਾਏ ‘ਤਾਜ਼ਪੋਸ਼ੀ ਸਮਾਗਮ’ ਵਿਚ ਨਵੀਂ ਚੁਣੀ ਗਵਰਨਿੰਗ ਬਾਡੀ ਟੀਮ ਨੂੰ ਵਧਾਈ ਦਿੰਦਿਆਂ ਮੁੱਖ ਮਹਿਮਾਨ, ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੋਹਾਲੀ ਪ੍ਰੈਸ ਕਲੱਬ ਵਲੋਂ ਹਰ ਸਾਲ ਲੋਕਤੰਤਰਿਕ ਅਤੇ ਨਿਰਪੱਖ ਤਰੀਕੇ ਨਾਲ ਆਪਣੀ ਟੀਮ ਦੀ ਚੋਣ ਬਾਕਾਇਦਾ ਚੋਣ ਕਮਿਸ਼ਨਰ ਦੀ ਦੇਖ-ਰੇਖ ਵਿਚ ਕਰਵਾਈ ਜਾਂਦੀ ਹੈ, ਜਿਸ ਲਈ ਮੈਂ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਅਤੇ ਪੂਰੀ ਟੀਮ ਨੂੰ ਮੁਬਾਰਕਵਾਦ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਦਾ ਅਹਿਮ ਅੰਗ ਹੈ। ਸਮਾਜ ਵਿੱਚ ਜੋ ਵੀ ਵਾਪਰਦਾ ਹੈ, ਮੀਡੀਆ ਹੀ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਉਂਦਾ ਹੈ, ਇਸ ਲਈ ਮੀਡੀਆ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ।
ਇਸਦੇ ਨਾਲ ਹੀ ਉਹਨਾਂ ਕਲੱਬ ਨੂੰ ਪੱਕੀ ਥਾਂ ਦੇਣ ਦੀ ਮੰਗ ਉਤੇ ਬੋਲਦਿਆਂ ਕਿਹਾ ਕਿ ਤੁਹਾਡੀ ਟੀਮ ਵਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਤੇ ਹੌਸਲੇ ਵਾਲਾ ਹੈ ਅਤੇ ਹੁਣ ਇਸ ਅਹਿਮ ਕਾਰਜ ਲਈ ਮੈਂ ਤੁਹਾਡੇ ਨਾਲ ਹਮੇਸ਼ਾ ਖੜਾ ਹਾਂ। ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਜਾਂ ਹੋਰ ਕੋਈ ਅੜਚਣ ਹੋਈ, ਉਸ ਨੂੰ ਹੱਲ ਕਰਕੇ ਆਪਾਂ ਇਕ ਸਾਲ ਦੇ ਅੰਦਰ-ਅੰਦਰ ਯਕੀਨਨ ਮੋਹਾਲੀ ਵਿਚ ਪ੍ਰੈਸ ਕਲੱਬ ਬਣਾਉਣ ਦਾ ਕੰਮ ਨੇਪਰੇ ਚਾੜਾਂਗੇ। ਇਸ ਦੌਰਾਨ ਵਿੱਤ ਮੰਤਰੀ ਸਾਹਿਬ ਨੇ ਕਲੱਬ ਬਣਾਉਣ ਲਈ ਵਿੱਤੀ ਮੱਦਦ ਦੇਣ ਦਾ ਵੀ ਭਰੋਸਾ ਦਿੱਤਾ। ਇਸ ਦੌਰਾਨ ਉਹਨਾਂ ਮੋਹਾਲੀ ਪ੍ਰੈਸ ਕਲੱਬ ਨੂੰ ਆਪਣੇ ਅਖ਼ਤਿਆਰੀ ਕੋਟੇ ਵਿਚ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕਲੱਬ ਦਾ ਸੋਵੀਨਾਰ ਵੀ ਰਲੀਜ਼ ਕੀਤਾ ਗਿਆ।
ਇਸ ਮੌਕੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਪੰਜਾਬ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਤਾਜਪੋਸ਼ੀ ਸਮਾਗਮ ਵਿਚ ਸ਼ਮੂਲੀਅਤ ਕੀਤੀ। ਉਹਨਾਂ ਕਿਹਾ ਕਿ ਮੀਡੀਆ ਦਾ ਸਾਡੇ ਸਮਾਜ ਵਿਚ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਸ਼ਹਿਰ ਅਤੇ ਦੁਨੀਆ ਦੀ ਹਰ ਖਬਰ ਮੀਡੀਆ ਰਾਹੀਂ ਹੀ ਪਤਾ ਲੱਗਦੀ ਹੈ। ਇਸ ਦੌਰਾਨ ਉਹਨਾਂ ਸਮੂਹ ਟੀਮ ਨੂੰ ਤਾਜਪੋਸ਼ੀ ਸਮਾਗਮ ਦੀ ਵਧਾਈ ਦਿੱਤੀ ਅਤੇ ਕਲੱਬ ਨੂੰ ਹਰ ਸੰਭਵ ਮੱਦਦ ਦੇਣ ਦੀ ਵੀ ਗੱਲ ਕਹੀ।
ਇਸ ਦੌਰਾਨ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਪੰਜਾਬ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਦਾ ਤਾਜਪੋਸ਼ੀ ਸਮਾਗਮ ਵਿਚ ਪਹੁੰਚਣ ਉਤੇ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਇਸ ਸਮਾਗਮ ਵਿਚ ਹਾਜ਼ਰੀ ਭਰੀ ਹੈ। ਉਹਨਾਂ ਕਿਹਾ ਕਿ ਮੋਹਾਲੀ ਸ਼ਹਿਰ ਦੁਨੀਆ ਭਰ ਦੇ ਨਕਸ਼ੇ ਉਤੇ ਆ ਚੁੱਕਿਆ ਹੈ ਪਰ ਇਥੇ ਪ੍ਰੈਸ ਕਲੱਬ ਲਈ ਇਮਾਰਤ ਨਾ ਹੋਣਾ ਬੜੇ ਹੀ ਅਫਸੋਸ ਦੀ ਗੱਲ ਹੈ। ਉਹਨਾਂ ਕਿਹਾ ਕਿ ਕਲੱਬ ਪਿਛਲੇ ਕਰੀਬ 26 ਸਾਲਾਂ ਤੋਂ ਆਪਣੇ ਸੀਮਤ ਸਾਧਨਾਂ ਨਾਲ ਹੀ ਬਿਨਾਂ ਕਿਸੇ ਸਰਕਾਰੀ ਮੱਦਦ ਦੇ, ਕਿਰਾਏ ਦੀ ਕੋਠੀ ਵਿਚ ਚਲਾਇਆ ਜਾ ਰਿਹਾ ਹੈ। ਸਾਡੇ ਵੱਲੋਂ ਵਾਰ ਵਾਰ ਮੌਕੇ ਦੀਆਂ ਸਰਕਾਰਾਂ ਅੱਗੇ ਇਹ ਮੰਗ ਉਠਾਈ ਜਾਂਦੀ ਰਹੀ ਹੈ ਅਤੇ ਕਿਸੇ ਵੀ ਸਰਕਾਰ ਅਤੇ ਰਾਜਸੀ ਲੋਕਾਂ ਨੇ ਸਿਰਫ਼ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ। ਪ੍ਰਧਾਨ ਪਟਵਾਰੀ ਜੀ ਨੇ ਵਿੱਤ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਮੋਹਾਲੀ ਪ੍ਰੈਸ ਕਲੱਬ ਲਈ ਯੋਗ ਥਾਂ ਦਿਵਾਉਣ ਲਈ ਚਿਰਾਂ ਤੋਂ ਲਮਕਦਾ ਸਾਡਾ ਇਹ ਮਸਲਾ ਹੱਲ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾ ਪਾਉਣ।
ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਮਾਗਮ ਵਿਚ ਪਹੁੰਚਣ ਉਤੇ ਸਵਾਗਤੀ ਕਮੇਟੀ ਦੇ ਮੈਂਬਰਾਂ ਮੈਡਮ ਨੇਹਾ ਵਰਮਾ, ਕੁਲਵੰਤ ਗਿੱਲ, ਮੰਗਤ ਸੈਦਪੁਰ ਤੇ ਨਾਹਰ ਸਿੰਘ ਧਾਲੀਵਾਲ ਨੇ ਫੁੱਲਾਂ ਦਾ ਬੁੱਕਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸਮੂਹ ਗਵਰਨਿੰਗ ਬਾਡੀ ਵਲੋਂ ਵਿੱਤ ਮੰਤਰੀ ਚੀਮਾ ਜੀ ਦਾ ਸਨਮਾਨ ਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਵਿੱਤ ਮੰਤਰੀ ਸਾਹਿਬ ਵੱਲੋਂ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ ਤੇ ਅਮਰਦੀਪ ਸਿੰਘ ਸੈਣੀ, ਮੈਨੇਜਰ ਜਗਦੀਸ਼ ਸ਼ਾਰਦਾ ਅਤੇ ਹੈੱਡ ਕੁੱਕ ਨਰਿੰਦਰ ਨੂੰ ਵੀ ਸਨਮਾਨਤ ਕੀਤਾ ਗਿਆ
ਇਸ ਮੌਕੇ ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਗਵਰਨਿੰਗ ਬਾਡੀ ਟੀਮ ਵਿੱਚ ਸੁਖਦੇਵ ਸਿੰਘ ਪਟਵਾਰੀ ਪ੍ਰਧਾਨ, ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ, ਸੁਸ਼ੀਲ ਗਰਚਾ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਚਾਨਾ ਤੇ ਵਿਜੇ ਪਾਲ ਮੀਤ ਪ੍ਰਧਾਨ, ਰਾਜੀਵ ਤਨੇਜਾ ਖ਼ਜ਼ਾਨਚੀ, ਨੀਲਮ ਠਾਕੁਰ ਜਥੇਬੰਦਕ ਸਕੱਤਰ, ਡਾ. ਰਵਿੰਦਰ ਕੌਰ ਤੇ ਵਿਜੇ ਕੁਮਾਰ ਜੁਆਇੰਟ ਸਕੱਤਰ ਸ਼ਾਮਲ ਸਨ, ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਤੇ ਵਧਾਈ ਦਿੱਤੀ ਗਈ। ਇਸ ਮੌਕੇ ਮੰਤਰੀ ਸ. ਹਰਪਾਲ ਸਿੰਘ ਚੀਮਾ ਵੱਲੋਂ ਸੋਵੀਨਰ ਵੀ ਰਲੀਜ਼ ਕੀਤਾ ਗਿਆ।
ਇਸ ਮੌਕੇ ਨਾਹਰ ਸਿੰਘ ਧਾਲੀਵਾਲ, ਪਾਲ ਸਿੰਘ ਕੰਸਾਲਾ, ਅਰੁਣ ਨਾਭਾ, ਹਰਬੰਸ ਸਿੰਘ ਬਾਗੜੀ, ਸੁਖਵਿੰਦਰ ਸਿੰਘ ਮਨੌਲੀ, ਗੁਰਮੀਤ ਸਿੰਘ ਰੰਧਾਵਾ, ਅਮਨਦੀਪ ਗਿੱਲ, ਸੰਦੀਪ ਬਿੰਦਰਾ, ਸੁਖਵਿੰਦਰ ਸ਼ਾਨ, ਦਵਿੰਦਰ ਸਿੰਘ ਏਆਈਆਰ, ਰਾਜੀਵ ਸਚਦੇਵਾ, ਪਰਵੇਸ਼ ਚੌਹਾਨ, ਉਜਲ ਸਿੰਘ, ਮਾਇਆ ਰਾਮ, ਪ੍ਰਿਤਪਾਲ ਸੋਢੀ, ਅਨਿਲ ਗਰਗ, ਰਮੇਸ਼ ਸਚਦੇਵਾ, ਹਰਮਿੰਦਰ ਸਿੰਘ ਨਾਗਪਾਲ, ਸੁਭਾਸ਼ ਵੈਟਸਨ, ਤਰਲੋਚਨ ਸਿੰਘ, ਰਾਜੀਵ ਵਸ਼ਿਸ਼ਟ, ਗੁਰਨਾਮ ਸਾਗਰ, ਗੁਰਜੀਤ ਸਿੰਘ, ਰਣਜੀਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਕੋਟਲੀ, ਪ੍ਰਵੀਨ ਕੁਮਾਰ, ਜਸਵਿੰਦਰ ਸਿੰਘ ਆਦਿ ਵੀ ਮੌਜੂਦ ਸਨ।