ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗਣ ਦੇ ਮਾਮਲੇ ‘ਚ ਮੋਰਿੰਡਾ ਪੁਲਿਸ ਵੱਲੋਂ ਮੁਕੱਦਮਾ ਦਰਜ

Published on: May 27, 2025 4:44 pm

Punjab

ਮੋਰਿੰਡਾ 27 ਮਈ ਭਟੋਆ 

ਮੋਰਿੰਡਾ ਸ਼ਹਿਰੀ ਪੁਲਿਸ ਨੇ ਮੋਹਾਲੀ ਦੀ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕਾਂ ਵਿਰੁੱਧ ਮੋਰਿੰਡਾ ਦੇ ਇੱਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਤੋਂ ਵੱਧ ਠੱਗਣ ਦੇ ਮਾਮਲੇ ਸਬੰਧੀ ਮੁਕਦਮਾ ਦਰਜ  ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਹਰਜਿੰਦਰ  ਸਿੰਘ ਐਸਐਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਸੁਖਦਰਸ਼ਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਵਾਰਡ ਨੰਬਰ ਦਾ ਮੋਰਿੰਡਾ ਵੱਲੋਂ ਫਰਵਰੀ 2025 ਵਿੱਚ ਐਸਐਸਪੀ ਰੂਪਨਗਰ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸ ਨੂੰ ਰੀਅਲ ਗੇਟ ਵੇਅ ਇਮੀਗ੍ਰੇਸ਼ਨ ਕੰਪਨੀ ਮੋਹਾਲੀ ਵੱਲੋ 

ਅਖਬਾਰਾਂ ਵਿੱਚ ਵੰਡੇ ਇਸ਼ਤਿਹਾਰ ਅਤੇ ਐਡਵਰਟਾਈਜਮੈੰਟ ਰਾਂਹੀ ਪਤਾ ਚੱਲਿਆ ਕਿ ਇਹ ਕੰਪਨੀ ਕਨੇਡਾ ਦਾ ਵਰਕ ਪਰਮਿਟ ਲਗਵਾ ਕੇ ਨੌਜਵਾਨਾਂ ਨੂੰ ਬਾਹਰ ਵਿਦੇਸ਼ ਭੇਜ ਰਹੀ ਹੈ। ਸੁਖਦਰਸ਼ਨ ਸਿੰਘ ਨੇ ਆਪਣੀ ਦਰਖਾਸਤ ਵਿੱਚ ਦੱਸਿਆ ਕਿ ਜਦੋਂ ਉਸਨੇ ਇਹਨਾਂ ਇਸ਼ਤਿਹਾਰਾਂ ਤੇ ਕੰਪਨੀ ਵੱਲੋਂ ਦਿੱਤੇ ਗਏ ਨੰਬਰ ਫੋਨ ਨੰਬਰ ਤੇ ਸੰਪਰਕ ਕੀਤਾ ਤਾਂ ਉਸ ਨੂੰ ਕੰਪਨੀ ਵਿੱਚ ਆ ਕੇ ਗੱਲ ਕਰਨ ਲਈ ਕਿਹਾ  ਗਿਆ ,ਜਿਸ ਉਪਰੰਤ ਉਸ ਨੇ ਕੰਪਨੀ ਵਿੱਚ ਜਾ ਕੇ ਕੰਪਨੀ ਦੇ ਮਾਲਕ ਰਕੇਸ਼ ਰਿੱਕੀ ਅਤੇ ਉਸ ਦੀ ਪਤਨੀ ਪ੍ਰਭ ਰਿੱਕੀ  ਨਾਲ ਗੱਲਬਾਤ ਕੀਤੀ , ਜਿਨਾ ਉਸ ਨੂੰ ਭਰੋਸਾ ਦਿਵਾਇਆ ਕਿ ਉਹ 15,25000 ਰੁਪਏ ਵਿੱਚ ਉਸ ਦਾ ਕੈਨੇਡਾ ਦਾ ਵਰਕ ਪਰਮਿਟ ਲਗਵਾ ਦੇਣਗੇ। ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਕੰਪਨੀ ਮਾਲਕਾਂ ਦੀਆ ਗੱਲਾਂ ਵਿਚ ਆ ਕੇ ਤੇ ਭਰੋਸਾ ਕਰਕੇ ਉਸ ਨੇ 9 ਸਤੰਬਰ 2024 ਨੂੰ ਆਪਣੇ ਐਚਡੀਐਫਸੀ ਬੈਂਕ ਖਾਤੇ ਵਿੱਚੋ ਕੰਪਨੀ ਦੇ ਯੈਸ ਬੈਂਕ ਖਾਤੇ ਵਿੱਚ 7 ਲੱਖ ਰੁਪਏ  ਅਤੇ ਉਸ ਤੋ ਬਾਅਦ ਵੱਖ-ਵੱਖ ਤਰੀਕਾਂ ਨੂੰ ਕੁੱਲ  15,25000 ਰੁਪਏ  ਟਰਾਂਸਫਰ ਕਰ ਦਿੱਤੇ । ਪ੍ਰੰਤੂ ਕੰਪਨੀ ਵੱਲੋ ਉਸ ਨੂੰ ਨਾ ਤਾ ਹੁਣ ਤੱਕ ਕੈਨੇਡਾ ਭੇਜਿਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਜਾ ਰਹੇ ਹਨ। 

ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਦਰਸ਼ਨ ਸਿੰਘ ਵੱਲੋ ਦਿੱਤੀ ਦਰਖਾਸਤ ਦੀ ਪੁਲਿਸ ਕਪਤਾਨ ਪੀਬੀਆਈ ਰੂਪਨਗਰ ਵੱਲੋ ਕੀਤੇ ਜਾਣ ਤੇ ਡੀਏ ਲੀਗਲ ਦੀ ਰਾਏ ਲੈਣ ਉਪਰੰਤ ਐਸਐਸਪੀ ਰੂਪਨਗਰ ਦੀ ਪ੍ਰਵਾਨਗੀ ਹਾਸਲ ਕਰਕੇ ਕੰਪਨੀ ਮਾਲਕ ਰਕੇਸ਼ ਰਿੱਕੀ ਪੁੱਤਰ ਦੇਸਰਾਜ ਰਿੱਕੀ,ਅਤੇ ਉਸ ਦੀ ਪਤਨੀ ਪ੍ਰਭ ਰਿੱਕੀ ਵਾਸੀ ਸੈਕਟਰ 48 ਸੀ  ਮੋਹਾਲੀ ਖਿਲਾਫ ਬੀਐਨਐਸ ਦੀਆ ਧਾਰਾਂਵਾ 316(2),318(4) ਅਧੀਨ ਮੁਕੱਦਮਾ ਨੰਬਰ 57 ਦਰਜ ਕਰਕੇ ਦੋਸ਼ੀਆ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।