ਮਾਨਸਾ, 27 ਮਈ, ਦੇਸ਼ ਕਲਿੱਕ ਬਿਓਰੋ :
ਬੀਤੇ ਕੱਲ੍ਹ ਇਕ ਪ੍ਰੋਗਰਾਮ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਿਧਾਇਕ ਨੂੰ ਸਵਾਲ ਪੁੱਛਣ ਉਤੇ ਗੁੱਸੇ ਹੋਏ ਆਪ ਵਰਕਰਾਂ ਨੇ ਬੇਰੁਜ਼ਗਾਰ ਅਧਿਆਪਕ ਲੜਕੀਆਂ ਦੇ ਘਰ ਅੱਗੇ ਧਰਨਾ ਲਗਾਇਆ ਹੈ। ਬੀਤੇ ਪਿੰਡ ਦਲੇਲ ਸਿੰਘ ਆਲਾ ’ਚ ਇਕ ਸਮਾਗਮ ਦੌਰਾਨ ਈਟੀਟੀ ਬੇਰੁਜ਼ਗਾਰ ਅਧਿਆਪਕ ਅਜੀਤ ਵੱਲੋਂ ਵਿਧਾਇਕ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਬਾਹਰ ਲੈ ਗਈ ਸੀ। ਸਵਾਲ ਪੁੱਛਣ ਉਤੇ ਪਿੰਡ ਦੇ ਸਰਪੰਚ ਅਤੇ ਹੋਰ ਵਰਕਰ ਨਰਾਜ਼ ਹੋ ਗਏ। ਇਸ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਦੀ ਸਪੋਟ ਕਰ ਰਹੀਆਂ ਪਿੰਡ ਦੀਆਂ ਬੇਰੁਜ਼ਗਾਰ ਅਧਿਆਪਕ ਲੜਕੀਆਂ ਦੇ ਘਰ ਅੱਗੇ ਅੱਜ ਧਰਨਾ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ‘ਆਪ’ ਵਰਕਰਾਂ ਨੇ ਕਿਹਾ ਕਿ ਅਸੀਂ ਪਿੰਡ ਲਈ ਵਿਧਾਇਕ ਤੋਂ ਗ੍ਰਾਂਟ ਲੈਣੀ ਸੀ, ਪਰ ਸਵਾਲ ਪੁੱਛਣ ਕਾਰਨ ਕੋਈ ਗ੍ਰਾਂਟ ਨਹੀਂ ਦੇ ਕੇ ਗਏ।
ਦੂਜੇ ਪਾਸੇ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਆਗੂ ਕਰਮਜੀਤ ਤਾਮਕੋਟ ਜ਼ਿਲ੍ਹਾ ਪ੍ਰਧਾਨ, ਹਰਜਿੰਦਰ ਅਨੂਪਗੜ੍ਹ ਜ਼ਿਲ੍ਹਾ ਸਕੱਤਰ ਨੇ ਸਵਾਲ ਪੁੱਛਣ ਵਾਲੀਆਂ ਬੇਰੁਜਗਾਰ ਕੁੜੀਆਂ ਦੇ ਘਰ ਅੱਗੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਧਰਨਾ ਲਗਾਉਣ ਦੀ ਸਖਤ ਨਿਖੇਤੀ ਕੀਤੀ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਇਹ ਦਬਾਅ ਪਾ ਰਹੇ ਹਨ ਕਿ ਕੁੜੀਆਂ ਅਤੇ ਸਵਾਲ ਪੁੱਛਣ ਵਾਲਾ ਅਜੀਤ ਸਿੰਘ MLA ਵਿਜੇ ਸਿੰਗਲਾ ਤੋਂ ਮੁਆਫੀ ਮੰਗਣ।