ਮੋਰਿੰਡਾ, 27 ਮਈ ਭਟੋਆ
ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ “ਪੰਜਾਬ ਸਿੱਖਿਆ ਕ੍ਰਾਂਤੀ” ਤਹਿਤ ਅੱਜ ਸਰਕਾਰੀ ਹਾਈ ਸਕੂਲ ਧਨੌਰੀ 2.40 ਲੱਖ ਰੁਪਏ ਦੀ ਲਾਗਤ ਨਾਲ 2 ਨਵੇਂ ਕਮਰਿਆਂ ਦਾ, ਸਰਕਾਰੀ ਮਿਡਲ ਸਕੂਲ ਭਾਗੋਵਾਲ ਵਿਖੇ 2 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਅਤੇ ਸਰਕਾਰੀ ਮਿਡਲ ਸਕੂਲ ਪਪਰਾਲੀ ਵਿਖੇ 2.75 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ, ਉਦਘਾਟਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਰੰਗਲਾ ਪੰਜਾਬ ਦੇ ਮੁੱਖ ਥੰਮ੍ਹਾਂ – ਸਿਹਤ ਅਤੇ ਸਿੱਖਿਆ ਨੂੰ ਤਰਜੀਹ ਦੇ ਕੇ ਰਾਜ ਨੂੰ ਬੇਹਤਰੀਨ ਰਾਜ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਹੁਣ ਵਿਆਪਕ ਸਹੂਲਤਾਂ ਨਾਲ ਲੈਸ ਹਨ, ਜਿਨ੍ਹਾਂ ਵਿੱਚ ਸੁਰੱਖਿਆ ਗਾਰਡ, ਕੈਂਪਸ ਪ੍ਰਬੰਧਨ ਪ੍ਰਣਾਲੀਆਂ, ਆਵਾਜਾਈ ਸੇਵਾਵਾਂ, ਵਾਈ-ਫਾਈ ਕਨੈਕਟੀਵਿਟੀ, ਅਤਿ-ਆਧੁਨਿਕ ਸਾਇੰਸ ਲੈਬਾਂ, ਵਧੀਆ ਲਾਇਬ੍ਰੇਰੀਆਂ, ਆਧੁਨਿਕ ਫਰਨੀਚਰ, ਸਮਰਪਿਤ ਸਟਾਫ ਰੂਮ, ਵਿਸ਼ਾਲ ਕਲਾਸਰੂਮ, ਪ੍ਰਬੰਧਕੀ ਦਫ਼ਤਰ, ਪਹੁੰਚਯੋਗਤਾ ਲਈ ਰੈਂਪ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਜੋ ਪਹਿਲਾਂ ਨਿੱਜੀ ਜਾਂ ਮਾਡਲ ਸਕੂਲਾਂ ਤੱਕ ਸੀਮਿਤ ਸਨ, ਹੁਣ ਉਹ ਸਹੂਲਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਉਪਲੱਬਧ ਹਨ ਜੋ ਸਰਕਾਰੀ ਅਤੇ ਪ੍ਰਾਈਵੇਟ ਸਿੱਖਿਆ ਵਿਚਕਾਰ ਪਾੜੇ ਨੂੰ ਪੂਰਦੀਆਂ ਹਨ।
ਇਸ ਮੌਕੇ ਪ੍ਰਿੰਸੀਪਲ ਸੁਰਿੰਦਰ ਘਈ ਬੀਐਨਓ, ਜਸਵੀਰ ਸਿੰਘ, ਸਿੱਖਿਆ ਕੋਆਰਡੀਨੇਟਰ ਰਾਜਿੰਦਰ ਸਿੰਘ ਰਾਜਾ, ਬੀਰਦਵਿੰਦਰ ਸਿੰਘ ਬੱਲਾਂ, ਪੀਏ ਸ਼੍ਰੀ ਚੰਦ, ਬਲਵੰਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।