ਨਵੀਂ ਦਿੱਲੀ, 28 ਮਈ, ਦੇਸ਼ ਕਲਿੱਕ ਬਿਓਰੋ :
ਝੂਠੇ ਪੁਲਿਸ ਮੁਕਾਬਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ। ਪੁਲਿਸ ਵੱਲੋਂ 171 ਕਥਿਤ ਫਰਜ਼ੀ ਮੁਕਾਬਲੇ ਕੀਤੇ ਗਏ। ਸੁਪਰੀਮ ਕੋਰਟ ਨੇ ਅਸਾਮ ਪੁਲਿਸ ਉਤੇ ਲੱਗੇ 171 ਕਥਿਤ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਸੂਰਯਕਾਂਤ ਅਤੇ ਜਸਟਿਸ ਐਨ ਕੋਟਿਸ਼ਵਰ ਸਿੰਘ ਦੇ ਬੈਂਚ ਨੇ ਇਸ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਅਸਾਮ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹੁਕਮ ਦਿੱਤੇ ਕਿ ਉਹ ਪੀੜਤ ਪਰਿਵਾਰਾਂ ਨਾਲ ਸੰਪਰਕ ਲਈ ਜਨਤਕ ਨੋਟਿਸ ਕਰੇ।
ਅਦਾਲਤ ਨੇ ਕਿਹਾ ਇਹ ਦੋਸ਼ ਕਿ ਘਟਨਾਵਾਂ ਫਰਜ਼ੀ ਮੁਕਾਬਲੇ ਹੋ ਸਕਦੀ ਹੈ, ਇਹ ਬੇਹੱਦ ਗੰਭੀਰ ਹੈ ਅਤੇ ਜੇਕਰ ਸਾਬਤ ਹੋ ਜਾਂਦਾ ਹੈ ਤਾਂ ਇਹ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਜੀਵਨ ਦੇ ਅਧਿਕਾਰ ਦਾ ਉਲੰਘਣ ਮੰਨਿਆ ਜਾਵੇਗਾ। ਹਾਲਾਂਕਿ ਇਹ ਵੀ ਉਨ੍ਹਾਂ ਹੀ ਸੰਭਵ ਹੈ ਕਿ ਨਿਰਪੱਖ ਅਤੇ ਸੁਤੰਤਰ ਜਾਂਚ ਦੇ ਬਾਅਦ ਕੁਝ ਮਾਮਲੇ ਕਾਨੂੰਨਨ ਉਚਿਤ ਅਤੇ ਜ਼ਰੂਰੀ ਪਾਏ ਜਾਣ। ਅਦਾਲਤ ਨੇ ਇਸ ਹੁਕਮ ਦੇ ਬਾਅਦ ਹੁਣ ਇਹ ਜ਼ਿੰਮੇਵਾਰੀ ਅਸਾਮ ਮਨੁੱਖ ਅਧਿਕਾਰ ਕਮਿਸ਼ਨ ਦੀ ਹੋਵੇਗੀ ਕਿ ਉਹ ਸਾਰੇ ਮਾਮਲਿਆਂ ਦੀ ਨਿਰਪੱਖਤਾ ਨਾਲ ਜਾਂਚ ਕਰੇ ਅਤੇ ਇਹ ਯਕੀਨੀ ਕਰੇ ਕਿ ਪੀੜਤ ਪਰਿਵਾਰਾਂ ਦੀ ਆਵਾਜ਼ ਸੁਣੀ ਜਾਵੇ।