ਚੰਡੀਗੜ੍ਹ, 29 ਮਈ, ਦੇਸ਼ ਕਲਿੱਕ ਬਿਓਰੋ :
ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਨੌਵੀਂ ਕਲਾਸ ਦੇ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਨੌਵੀਂ ਕਲਾਸ ਦੇ ਵਿਦਿਆਰਥੀ ਵੱਲੋਂ ਹੀ ਕੀਤਾ ਗਿਆ ਹੈ। ਇਹ ਘਟਨਾ ਹਿਸਾਰ ਦੇ ਸਤਰੋਡ ਕੈਂਟ ਨੇੜੇ ਮਸਤਨਾਥ ਕਲੋਨੀ ਵਿੱਚ ਵਾਪਰੀ। ਨੌਵੀਂ ਕਲਾਸ ਦੇ ਦੀਪਾਂਸ਼ੂ ਦੇ ਪੇਟ ਵਿੱਚ ਦੋ ਗੋਲੀਆਂ ਮਾਰੀਆਂ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੀਪਾਂਸ਼ੂ ਪਹਿਲਾਂ ਦਿੱਲੀ ਪਬਲਿਕ ਸਕੂਲ ਵਿੱਚ ਪੜ੍ਹਦਾ ਸੀ, ਪਰ ਇਸ ਸਾਲ ਉਸਨੂੰ ਆਰਪੀਐਸ ਹਾਂਸੀ ਵਿੱਚ ਦਾਖਲਾ ਦਿੱਤਾ ਗਿਆ। ਪੁਲਿਸ ਅਨੁਸਾਰ ਅੱਜ ਸਵੇਰੇ ਕਰੀਬ 7:30 ਵਜੇ ਦੀਪਾਂਸ਼ੂ ਆਪਣੀ ਸਕੂਟੀ ‘ਤੇ ਦੁੱਧ ਲੈਣ ਲਈ ਕੈਂਟ ਇਲਾਕੇ ਵਿੱਚ ਗਿਆ ਸੀ। ਇਸ ਦੌਰਾਨ ਕਿਸੇ ਨੇ ਉਸਨੂੰ ਫੋਨ ਕਰਕੇ ਸਤਰੋਡ ਕੈਂਟ ਨੇੜੇ ਰੇਲਵੇ ਲਾਈਨ ਦੇ ਨੇੜੇ ਲੋਡਿੰਗ ਪੁਆਇੰਟ ‘ਤੇ ਆਉਣ ਲਈ ਕਿਹਾ। ਉੱਥੇ ਪਹੁੰਚਣ ‘ਤੇ ਇੱਕ ਸਹਿਪਾਠੀ ਨੇ ਉਸਨੂੰ ਗੋਲੀ ਮਾਰ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦਾ ਪਤਾ ਚਲਦਿਆਂ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਵੀ ਨੌਵੀਂ ਜਮਾਤ ਦਾ ਵਿਦਿਆਰਥੀ ਹੈ ਜੋ ਦੀਪਾਂਸ਼ੂ ਨਾਲ ਪੜ੍ਹਦਾ ਸੀ। ਪੁਲਿਸ ਨੇ ਘਟਨਾ ਤੋਂ ਬਾਅਦ ਭੱਜਣ ਵਾਲੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।