ਸ੍ਰੀ ਮੁਕਤਸਰ ਸਾਹਿਬ, 30 ਮਈ: ਦੇਸ਼ ਕਲਿੱਕ ਬਿਓਰੋ
Singhewala factory blast: ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਪਿੰਡ ਸਿੰਘੇਵਾਲਾ ਵਿੱਚ ਜਿਸ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਉਸ ਫੈਕਟਰੀ ਨੂੰ ਪ੍ਰਸ਼ਾਸਨ ਵੱਲੋਂ ਕੋਈ ਪ੍ਰਵਾਨਗੀ ਜਾਰੀ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੰਮ ਲਈ ਐਕਸਪਲੋਸਿਵ ਰੂਲਸ 2008 ਦੇ ਤਹਿਤ ਪ੍ਰਵਾਨਗੀ ਦਿੱਤੀ ਜਾਂਦੀ ਹੈ ਅਤੇ ਸਬੰਧਤ ਵਿਅਕਤੀ ਨੇ ਇਸ ਸਬੰਧੀ ਅਰਜ਼ੀ ਦਿੱਤੀ ਹੋਈ ਸੀ ਪਰ ਵੱਖ-ਵੱਖ ਥਾਵਾਂ ਤੋਂ ਰਿਪੋਰਟਾਂ ਪੈਂਡਿੰਗ ਹੋਣ ਕਾਰਨ ਅਜੇ ਤੱਕ ਉਸਨੂੰ ਪ੍ਰਵਾਨਗੀ ਜਾਰੀ ਨਹੀਂ ਹੋਈ ਸੀ।
ਉਨਾਂ ਆਖਿਆ ਹੈ ਕਿ ਪ੍ਰਸ਼ਾਸਨ ਦੀ ਪਹਿਲ ਜਖਮੀਆਂ ਦੀ ਸੰਭਾਲ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਵੱਲੋਂ ਸਿੰਘੇਵਾਲਾ ਫੈਕਟਰੀ ‘ਚ ਧਮਾਕੇ (Singhewala factory blast) ‘ਚ ਪੀੜਤਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੰਭੀਰ ਜ਼ਖਮੀਆਂ ਨੂੰ ਬਠਿੰਡਾ ਸਥਿਤ ਏਮਜ਼ ਅਤੇ ਹੋਰਨਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦਾ ਇਲਾਜ ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ ਵਿੱਚੋਂ ਇਲਾਜ ਕਰਵਾਇਆ ਜਾਵੇਗਾ।
ਦੁਰਘਟਨਾ ਤੋਂ ਬਾਅਦ ਐਸ.ਡੀ.ਐਮ. ਜਸਪਾਲ ਸਿੰਘ ਵੱਲੋਂ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਣ ਦੀ ਵਿਵਸਥਾ ਕੀਤੀ ਗਈ।
ਇਸਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਅਤੇ ਰੈਡ ਕਰੋਸ ਸੈਕਟਰੀ ਵੀ ਏਮਸ ਹਸਪਤਾਲ ਬਠਿੰਡਾ ਵਿਖੇ ਪਹੁੰਚ ਰਹੇ ਹਨ ਤਾਂ ਜੋ ਜ਼ਖਮੀਆਂ ਦੇ ਬਿਹਤਰ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ।