ਚੰਡੀਗੜ੍ਹ : 30 ਮਈ, ਸੁਖਦੇਵ ਸਿੰਘ ਪਟਵਾਰੀ
ਸ. ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਣੇ ਨਾਲ ਅਕਾਲੀ ਸਿਆਸਤ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਅਕਾਲੀ ਸਿਆਸਤ ਵਿੱਚ 1947 ਤੋਂ ਪਹਿਲਾਂ ਦੇ ਵੱਡੇ ਨੇਤਾਵਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਲਗਭਗ ਆਖਰੀ ਕਿਹਾ ਜਾ ਸਕਦਾ ਹੈ। 1936 ‘ਚ ਜਨਮੇ ਢੀਂਡਸਾ ਰਣਬੀਰ ਕਾਲਜ ਸੰਗਰੂਰ ਵਿੱਚ ਹੀ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਹੋਣ ਕਾਰਨ ਪਹਿਲਾਂ ਕਾਲਜ ਯੂਨੀਅਨ ਦੇ ਸਕੱਤਰ ਤੇ ਫਿਰ ਪ੍ਰਧਾਨ ਬਣੇ ਅਤੇ ਕਾਲਜ ਛੱਡਦਿਆਂ ਹੀ ਪਿੰਡ ਉੱਭਾਵਾਲ (ਸੰਗਰੂਰ) ਦੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਬਣੇ।
ਸੁਖਦੇਵ ਸਿੰਘ ਢੀਂਡਸਾ 1972 ਵਿੱਚ ਧਲੌਲਾ ਸੀਟ ਤੋਂ ਆਜ਼ਾਦ ਤੌਰ ‘ਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਹਰਾ ਕੇ ਪਹਿਲੀ ਵਾਰ ਵਿਧਾਇਕ ਬਣੇ ਅਤੇ ਫਿਰ ਐਮਰਜੈਂਸੀ ਤੋਂ ਬਾਅਦ 1977 ‘ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਸੁਨਾਮ ਸੀਟ ਜਿੱਤ ਕੇ ਟ੍ਰਾਂਸਪੋਰਟ ਮੰਤਰੀ ਬਣੇ।
ਮਿੰਠ ਬੋਲੜੇ, ਨਰਮ ਸੁਭਾਅ ਦੇ ਮਾਲਕ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਵਿੱਚ ਆਪਣੀ ਵੱਡੀ ਥਾਂ ਬਣਾਈ ਰੱਖੀ। ਭਾਵੇਂ ਸੰਗਰੂਰ ਜ਼ਿਲ੍ਹੇ ਵਿੱਚ ਵੱਡੇ ਕੱਦ ਦੇ ਨੇਤਾ ਸੁਰਜੀਤ ਸਿੰਘ ਬਾਨਾਲਾ ਵੀ ਸਨ, ਜੋ 1969 ਵਿੱਚ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਵਿੱਚ ਮੁੱਖ ਮੰਤਰੀ, ਫਿਰ 1985 ਵਿੱਚ ਮੁੱਖ ਮੰਤਰੀ, ਫਿਰ ਕੇਂਦਰੀ ਮੰਤਰੀ ਤੇ ਕਈ ਹੋਰ ਰਾਜਾਂ ਦੇ ਰਾਜਪਾਲ ਵੀ ਰਹੇ ਪਰ ਸੁਖਦੇਵ ਸਿੰਘ ਢੀਂਡਸਾ ਨੂੰ ਹੀ ਸੰਗਰੂਰ ਦਾ ਮੁੱਖ ਮੰਤਰੀ ਕਿਹਾ ਜਾਂਦਾ ਸੀ। 1997 ਵਿੱਚ ਸੁਨਾਮ ਸੀਟ ਕਾਂਗਰਸ ਦੇ ਭਗਵਾਨ ਦਾਸ ਅਰੋੜਾ ਤੋਂ ਹਾਰ ਗਏ ਸਨ । ਪਰ ਉਨ੍ਹਾ ਦੇ ਪੁੱਤਰ ਸ. ਪਰਮਿੰਦਰ ਸਿੰਘ ਢੀਂਡਸਾ ਲਗਾਤਾਰ 2002, 2007 ਅਤੇ 2012 ‘ਚ ਵਿਧਾਇਕ ਬਣਦੇ ਰਹੇ।
ਸੁਖਦੇਵ ਸਿੰਘ ਢੀਂਡਸਾ ਇੱਕ ਵਾਰ ਲੋਕ ਸਭਾ ਮੈਂਬਰ ਤੇ ਤਿੰਨ ਵਾਰ ਰਾਜ ਸਭਾ ਮੈਂਬਰ ਬਣੇ ਅਤੇ ਉਹ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵਿੱਚ ਕੇਂਦਰੀ ਖਾਦ ਅਤੇ ਸਪੋਰਟਸ ਮੰਤਰੀ ਬਣੇ। 2019 ਵਿੱਚ ਸ. ਢੀਂਡਸਾ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਸ. ਢੀਂਡਸਾ ਅਕਾਲੀ ਸਿਆਸਤ ਦੇ ਵੱਡੇ ਥੰਮ ਸਨ ਅਤੇ ਸ਼. ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਰਹੇ ਹਨ। ਉਹ ਪੰਥ ਤੇ ਪਾਰਟੀ ਲਈ ਵੱਡਾ ਖਤਰਾ ਮੁੱਲ ਲੈਣ ਵਾਲੇ ਸਨ। ਨਰਮ ਹੋਣ ਦੇ ਬਾਵਜੂਦ ਪਾਰਟੀ ਦੀ ਬਿਹਤਰੀ ਲਈ ਪੂਰੇ ਸਪੱਸ਼ਟਤਾਵਾਦੀ ਸਨ। 2017 ‘ਚ ਪਾਰਟੀ ਦੀ ਹਾਰ ਤੋਂ ਬਾਅਦ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਲਈ ਵੀ ਕਿਹਾ ਸੀ ਜਿਸ ਕਾਰਨ ਬਾਅਦ ਵਿੱਚ ਉਨ੍ਹਾਂ ਨੂੰ ਅਕਾਲੀ ਦਲ ਛੱਡ ਕੇ ਅਕਾਲੀ ਦਲ ਸੰਯੁਕਤ ਬਣਾਉਣਾ ਪਿਆ। ਢੀਂਡਸਾ ਇਸ ਗੱਲ ਦੇ ਪੱਕੇ ਧਾਰਨੀ ਸਨ ਕਿ ਖੇਤਰੀ ਪਾਰਟੀ ਪੰਜਾਬ ਲਈ ਅਤੀ ਜ਼ਰੂਰੀ ਹੈ ਅਤੇ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹੋ ਸਕਦੀ ਹੈ। ਪਾਰਟੀ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਉਨ੍ਹਾਂ ਫਿਰ ਆਪਣੇ ਸੰਯੁਕਤ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ‘ਚ ਰਲੇਵਾਂ ਕਰ ਦਿੱਤਾ ਪਰ 2022 ਵਿੱਚ ਉਨ੍ਹਾਂ ਨੂੰ ਅਕਾਲੀ ਦਲ ਦਾ ਸਰਪ੍ਰਸਤ ਹੋਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਬਿਨ੍ਹਾਂ ਪੁੱਛੇ ਸੰਗਰੂਰ ਸੀਟ ਉਨ੍ਹਾਂ ਦੇ ਪੁੱਤਰ ਦੀ ਥਾਂ ਹੋਰ ਨੂੰ ਦੇ ਦਿੱਤੀ। ਇਸ ਤੋਂ ਨਾਰਾਜ਼ ਹੋ ਕੇ ਢੀਂਡਸਾ ਫਿਰ ਅਕਾਲੀ ਦਲ ਤੋਂ ਬਾਹਰ ਹੋ ਗਏ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣ ਗਏ।
ਸ. ਢੀਂਡਸਾ ਦੇ ਸੰਸਾਰ ਤੋਂ ਚਲੇ ਜਾਣ ਨਾਲ ਅਕਾਲੀ ਸਿਆਸਤ ਵਿੱਚ ਵੱਡਾ ਖੱਪਾ ਪੈ ਗਿਆ ਹੈ। ਉਹ ਵਧੀਆ ਵਿਚੋਲੇ ਵੀ ਸਨ। ਟਕਰਾਵੇਂ ਵਿਚਾਰਾਂ ਵਾਲੇ ਲੀਡਰਾਂ ਵਿੱਚੋਂ ਉਹ ਵਧੀਆ ਵਿਚੋਲਗੀ ਕਰ ਸਕਦੇ ਸਨ। ਅੱਜ ਸ. ਢੀਂਡਸਾ ਦਾ ਉਨ੍ਹਾਂ ਦੇ ਪਿੰਡ ਉੱਭਾਵਾਲ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਢੀਂਡਸਾ ਅਕਾਲੀ ਤੇ ਪੰਥਕ ਸਿਆਸਤ ਦੇ ਵੱਡੇ ਥੰਮ ਸਨ
Published on: May 30, 2025 10:59 am