ਮੋਹਾਲੀ, 31 ਮਈ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਜ਼ਿਲ੍ਹੇ ਦਾ ਅੱਜ ਕੁਝ ਹਿੱਸਾ ਰਾਤ ਨੂੰ ਕੁਝ ਸਮੇਂ ਵਾਸਤੇ ਬਲੈਕਆਊਟ ਰਹੇਗਾ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਅੱਜ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਜੰਮੂ-ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ ਮੌਕ ਡ੍ਰਿਲ ਕੀਤੀ ਜਾਣੀ ਹੈ। ਇਸਨੂੰ ‘ਆਪ੍ਰੇਸ਼ਨ ਸ਼ੀਲਡ’ ਦਾ ਨਾਮ ਦਿੱਤਾ ਗਿਆ ਹੈ। ਆਪ੍ਰੇਸ਼ਨ ਸ਼ੀਲਡ ਦੇ ਹਿੱਸੇ ਵਜੋਂ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਅਤੇ ਲਾਲੜੂ ਨਗਰ ਕੌਂਸਲ ਦੀ ਹਦੂਦ ਦੇ ਅੰਦਰ ਅਤੇ ਬੀ ਪੀ ਸੀ ਐਲ ਲਾਲੜੂ ਨਾਲ ਲੱਗਦਾ ਏਰੀਆ ਅੱਜ ਰਾਤ 8:00 ਵਜੇ ਤੋਂ ਰਾਤ 8:30 ਵਜੇ ਤੱਕ ਪੂਰੀ ਤਰ੍ਹਾਂ ਬਲੈਕਆਊਟ ਰਹੇਗਾ। ਹਸਪਤਾਲਾਂ ਅਤੇ ਨਰਸਿੰਗ ਹੋਮਾਂ ਨੂੰ ਬਲੈਕਆਊਟ ਡ੍ਰਿਲ ਤੋਂ ਛੋਟ ਹੈ। ਹਾਲਾਂਕਿ, ਉਨ੍ਹਾਂ ਨੂੰ ਸਾਰੀਆਂ ਖਿੜਕੀਆਂ ਨੂੰ ਮੋਟੇ ਪਰਦਿਆਂ ਨਾਲ ਢੱਕਣ ਅਤੇ ਅਭਿਆਸ ਦੌਰਾਨ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।