ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਤੰਬਾਕੂ ਦੀ ਵਰਤੋਂ ਨਾ ਕਰਨ ਦਾ ਲਿਆ ਪ੍ਰਣ

Published on: May 31, 2025 6:15 pm

ਸਿਹਤ

ਦਲਜੀਤ ਕੌਰ 

ਸੰਗਰੂਰ, 31 ਮਈ, 2025: No Tobacco Day: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਸੰਜੇ ਕਾਮਰਾ ਵੱਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ (No Tobacco Day) ਮੌਕੇ ਤੰਬਾਕੂ ਦੀ ਵਰਤੋਂ ਨਾ ਕਰਨ ਸਬੰਧੀ ਪ੍ਰਣ ਕਰਵਾਇਆ ਗਿਆ।  

ਇਹ ਵੀ ਪੜ੍ਹੋ: World No Tobacco Day: ਤੰਬਾਕੂ ਦੇ ਸੇਵਨ ਨਾਲ ਕਈ ਤਰ੍ਹਾਂ ਦੇ ਕੈਂਸਰ ਹੋ ਸਕਦੇ ਹਨ

ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਕਾਮਰਾ ਨੇ ਕਿਹਾ ਕਿ ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਉਤਪਾਦ )ਐਕਟ 2003 ਦੀ ਉਲੰਘਣਾ ਕਰਨਾ ਸਜ਼ਾਯੋਗ ਅਪਰਾਧ ਹੈ। ਕੋਟਪਾ ਐਕਟ ਦੀ ਧਾਰਾ 4 ਤਹਿਤ ਜਨਤਕ ਥਾਵਾਂ ‘ਤੇ ਸਿਗਰਟ ਪੀਣ ਜਾਂ ਤੰਬਾਕੂਨੋਸ਼ੀ ਕਰਨ ‘ਤੇ 200 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਦੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਐਕਟ ਦੀ ਧਾਰਾ 6(ਏ) ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਿਗਰਟ ਜਾਂ ਕਿਸੇ ਤੰਬਾਕੂ ਉਤਪਾਦ ਦੀ ਵਿਕਰੀ ਕਰਨ ਦੀ ਪਾਬੰਦੀ ਹੈ ਜਦਕਿ ਧਾਰਾ 6 (ਬੀ) ਤਹਿਤ ਵਿੱਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਸੇਵਨ ਕਰਨਾ ਵੀ ਕਾਨੂੰਨੀ ਅਪਰਾਧ ਹੈ। ਇਸ ਤੋਂ ਇਲਾਵਾ ਧਾਰਾ 5 ਤਹਿਤ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ ਹੈ। 

ਇਸ ਮੌਕੇ ਸਹਾਇਕ ਸਿਵਲ ਸਰਜਨ ਕਮ ਜਿਲ੍ਹਾ ਤੰਬਾਕੂ ਕੰਟਰੋਲ ਅਫਸਰ ਡਾ. ਸੰਜੇ ਮਾਥੁਰ ਨੇ ਕਿਹਾ ਕਿ ਤੰਬਾਕੂ ਦਾ ਕਿਸੇ ਵੀ ਰੂਪ ਨਾਲ ਸੇਵਨ ਵਿਅਕਤੀ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਕਮਜ਼ੋਰ ਕਰ ਦਿੰਦਾ ਹੈ ਤੇ ਉਸ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ, ਜਿਸ ਕਾਰਨ ਉਸ ਨੂੰ ਬਹੁਤ ਸਾਰੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ ਤੇ ਮਨੁੱਖ ਦੀ ਔਸਤਨ ਉਮਰ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਨਾਲ ਮੂੰਹ, ਗਲਾ ਤੇ ਫ਼ੇਫੜਿਆਂ ਦਾ ਕੈਂਸਰ ਤੇ ਦੰਦਾਂ ਆਦਿ ਦੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ।ਇਸ ਮੌਕੇ ਸਿਵਲ ਸਰਜਨ ਦਫਤਰ ਦਾ ਸਮੂਹ ਸਟਾਫ ਹਾਜ਼ਰ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।