ਮੰਡੀ, 1 ਜੂਨ, ਦੇਸ਼ ਕਲਿੱਕ ਬਿਓਰੋ :
ਹਿਮਾਚਲ ਪ੍ਰਦੇਸ਼ ਵਿੱਚ ਇਕ ਪਿਕਅੱਪ ਗੱਡੀ ਦੇ ਪੁੱਲ ਤੋਂ ਹੇਠਾਂ ਡਿੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ 5 ਜਾਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਪੰਜਾਬੀਆਂ ਦੀ ਪਹਿਚਾਣ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੁਧਿਆਣਾ ਤੋਂ ਮੰਡੀ ਵਿੱਚ ਆਈਆਈਟੀ ਕਮਾਂਦ ਜਾ ਰਹੇ ਸਨ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤੀ ਅਤੇ ਉਹ ਪੁਲ ਦੀ ਰੇਲਿੰਗ ਨਾਲ ਜਾ ਟਕਰਾਇਆ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਹਿਚਾਣ ਸੁਖਵਿੰਦਰ, ਉਮੇਸ਼ ਅਤੇ ਸਾਗਰ ਵਜੋਂ ਹੋਈ ਹੈ। ਇਹ ਤਿੰਨੇ ਪੰਜਾਬ ਦੇ ਅਲੱਗ ਅਲੱਗ ਥਾਵਾਂ ਉਤੇ ਰਹਿਣ ਵਾਲੇ ਹਨ, ਜਦੋਂ ਕਿ ਦੋ ਹੋਰ ਦੀ ਅਜੇ ਪਹਿਚਾਣ ਹੋਣੀ ਬਾਕੀ ਹੈ। ਡਰਾਈਵਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਸ ਘਟਨਾ ਉਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਵੀ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਕਿਹਾ ਆਈਆਈਟੀ ਮੰਡੀ ਦੇ ਨੇੜੇ ਕਮਾਂਦ ਵਿੱਚ ਇਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋਣ ਦੀ ਦੁਖਦਾਈ ਖਬਰ ਮਿਲੀ ਹੈ।