ਮੋਗਾ, 1 ਜੂਨ, ਦੇਸ਼ ਕਲਿਕ ਬਿਊਰੋ :
ਸਥਾਨਕ ਸ਼ਹਿਰ ‘ਚ ਨਗਰ ਨਿਗਮ ਦੇ ਸਾਬਕਾ ਕੌਂਸਲਰ ਪੁਰਸ਼ੋਤਮ ਪੁਰੀ ਨੇ ਸ਼ਨਿੱਚਰਵਾਰ ਰਾਤ ਕਰੀਬ 9:45 ਵਜੇ ਆਪਣੇ ਘਰ ’ਚ ਖੁਦਕੁਸ਼ੀ ਕਰ ਲਈ। ਪੁਰੀ ਨੇ ਆਪਣੀ ਰਿਹਾਇਸ਼ ’ਤੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਘਟਨਾ ਵੇਲੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੌਂਸਲਰ ਸੁਜਾਤਾ ਪੁਰੀ ਵੀ ਘਰ ਵਿੱਚ ਮੌਜੂਦ ਸੀ। ਜਦ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਹ ਤੁਰੰਤ ਕਮਰੇ ਵਲ ਦੌੜੀ ਤੇ ਉਨ੍ਹਾਂ ਨੇ ਪੁਰਸ਼ੋਤਮ ਪੁਰੀ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ। ਹਾਲਤ ਦੇਖ ਕੇ ਤੁਰੰਤ ਡਾਕਟਰ ਨੂੰ ਬੁਲਾਇਆ ਗਿਆ, ਪਰ ਮੁੱਢਲੀ ਜਾਂਚ ਤੋਂ ਬਾਅਦ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਰੀ ਦਾ ਪੁੱਤਰ ਰੋਹਿਤ ਪੁਰੀ ਇਸ ਵੇਲੇ ਉੱਤਰ ਪ੍ਰਦੇਸ਼ ਦੇ ਸਾਹਰਨਪੁਰ ਜ਼ਿਲ੍ਹੇ ਵਿੱਚ ਸਿਵਿਲ ਜੱਜ ਵਜੋਂ ਤਾਇਨਾਤ ਹੈ।ਸੂਚਨਾ ਮਿਲਣ ‘ਤੇ ਥਾਣਾ ਸਾਊਥ ਸਿਟੀ ਦੇ ਇੰਚਾਰਜ ਇੰਸਪੈਕਟਰ ਵਰੁਣ ਕੁਮਾਰ ਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚ ਗਏ। ਰਾਤ 11 ਵਜੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
