ਬਠਿੰਡਾ: 3 ਜੂਨ, ਦੇਸ਼ ਕਲਿੱਕ ਬਿਓਰੋ
ਅੱਜ ਬੱਸ ਅੱਡਾ ਬਚਾਓ ਸੰਘਰਸ਼ ਦੇ ਅੰਗ ਵਜੋਂ ਬਠਿੰਡੇ ਡੀਸੀ ਦਫਤਰ ਸਾਮ੍ਹਣੇ ਅੰਬਦੇਕਰ ਪਾਰਕ ਚ ਚਲਦੇ ਪੱਕੇ ਮੋਰਚੇ/ ਧਰਨੇ ਵਿੱਚ ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਨੇ ਮੁਜਾਹਰੇ ਦੀ ਸ਼ਕਲ ਚ ਪਹੁੰਚ ਕੇ ਸ਼ਮੂਲੀਅਤ ਕੀਤੀ ਅਤੇ ਬੱਸ ਅੱਡਾ ਸ਼ਹਿਰੋਂ ਬਾਹਰ ਮਲੋਟ ਰੋਡ ਤੇ ਸ਼ਿਫਟ ਕਰਨ ਵਿਰੁੱਧ ਜ਼ੋਰਦਾਰ ਨਾਹਰੇਬਾਜੀ ਕੀਤੀ l ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਤੂਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਸ ਅੱਡੇ ਨੂੰ ਮੌਜੂਦਾ ਥਾਂ ਤੋਂ 7 ਕਿਲੋਮੀਟਰ ਦੂਰ ਸ਼ਿਫਟ ਕਰਨ ਨਾਲ ਵਪਾਰੀਆਂ, ਮੱਧ ਵਰਗੀ ਲੋਕਾਂ, ਮੁਲਾਜਮਾਂ, ਮਿਹਨਤਕਸ਼ਾਂ ਤੇ ਵਿਦਿਆਰਥੀਆਂ ਦਾ ਭਾਰੀ ਨੁਕਸਾਨ ਹੋਵੇਗਾ l ਔਰਤਾਂ,ਬੱਚਿਆਂ ਤੇ ਬਜ਼ੁਰਗਾਂ ਸੀ ਅਸੁਰੱਖਿਆ ਵਧੇਗੀ l ਲੋਕ ਰੋਜ਼ ਮਰ੍ਹਾ ਦੇ ਕੰਮ ਲਈ ਜਨਤਕ ਅਦਾਰਿਆਂ ਤੱਕ ਸਮੇਂ ਸਿਰ ਨਹੀਂ ਪਹੁੰਚ ਸਕਣਗੇ ਬਲਕਿ ਉਹਨਾਂ ਤੇ ਫਾਲਤੂ ਆਰਥਕ ਬੋਝ ਵੀ ਪਵੇਗਾ lਪ੍ਰੇਸ਼ਾਨੀ ਵੱਖਰੀ ਹੋਵੇਗੀ l ਵਿਦਿਆਰਥੀਆਂ ਦੀ ਪੜ੍ਹਾਈ ਰੁਲ ਜਾਵੇਗੀ ਤੇ ਉਹ ਖੱਜਲ ਖੁਆਰ ਹੋਣਗੇ l ਲੋਕ ਆਮ ਸਸਤੇ ਬਾਜ਼ਾਰ ਤੋਂ ਵਾਂਝੇ ਹੋ ਜਾਣਗੇ ਤੇ ਮਹਿੰਗੇ ਮਾਲਾਂ ਚ ਉਹਨਾਂ ਦੀ ਲੁੱਟ ਹੋਵੇਗੀ l ਇਸ ਲਈ ਉਹਨਾਂ ਮੌਜੂਦਾ ਬੱਸ ਅੱਡੇ ਨੂੰ ਹੀ ਮਾਡਰਨ ਬਣਾਏ ਦੀ ਮੰਗ ਤੇ ਜ਼ੋਰ ਦਿੱਤਾ l ਇਸ ਮੌਕੇ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ ਮਿਉਂਸੀਪਲ ਕੌਂਸਲਰ ਸੰਦੀਪ ਬੌਬੀ, ਸਕੱਤਰ ਹਰਵਿੰਦਰ ਸਿੰਘ ਹੈਪੀ ਅਤੇ ਕਈ ਵਪਾਰੀ ਸੰਗਠਨਾ ਦੇ ਅਹੁਦੇਦਾਰ ਤੇ ਮੈਂਬਰ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਗੁਰਚਰਨ ਖੇਮੂਆਣਾ ਸਿਕੰਦਰ ਸਿੰਘ ਧਾਲੀਵਾਲ ਤੇ ਬਿਕਰਮਜੀਤ ਸ਼ਰਮਾ ਮੌਜੂਦ ਸਨ l